ਨਵੀਂ ਦਿੱਲੀ:ਪੱਛਮੀ ਬੰਗਾਲ ਵਿੱਚ ਇੰਡੀਆ ਗਠਜੋੜ ਨੂੰ ਵੱਡਾ ਝਟਕਾ ਲੱਗਾ ਹੈ। ਟੀਐਮਸੀ ਨੇ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਖੁਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਇਸ ਲਈ ਉਨ੍ਹਾਂ ਦੀ ਪਾਰਟੀ ਨੇ ਸੂਬੇ 'ਚ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕੱਲੀ ਭਾਜਪਾ ਨੂੰ ਹਰਾ ਸਕਦੀ ਹੈ।
'ਇਕੱਲੇ ਚੱਲੋ-ਰੇ': ਪੱਛਮੀ ਬੰਗਾਲ ਦੀ ਮੁੱਖ ਮੰਤਰੀ 'ਇਕੱਲੇ-ਚੱਲੋ-ਰੇ- ਦਾ ਰਾਹ ਅਪਣਾ ਰਹੀ ਹੈ। ਕਿਉਂਕਿ ਪਿੱਛਲੇ ਲੰਮੇ ਸਮੇਂ ਤੋਂ ਦੋਵਾਂ ਪਾਰਟੀਆਂ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ। ਪੱਛਮੀ ਬੰਗਾਲ 'ਚ 42 ਸੀਟਾਂ ਨੇ ਜਿੰਨ੍ਹਾਂ 'ਤੇ ਟੀਐਮਸੀ ਨੇ ਇਕੱਲੇ ਚੋਣ ਲੜਨ ਦਾ ਫੈਸਲਾ ਲਿਆ ਹੈ। ਮਾਮਤਾ ਨੇ ਇਕੱਲੇ ਲੋਕ ਸਭਾ ਚੋਣਾਂ ਲੜਨ ਦੇ ਐਲਾਨ ਨਾਲ ਹੀ ਕਾਂਗਰਸ 'ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਮੇਰਾ ਕੋਈ ਵੀ ਪ੍ਰਸਤਾਵ ਨਹੀਂ ਮੰਨਿਆ। ਅਸੀਂ ਜਿੰਨੇ ਵੀ ਪ੍ਰਸਤਾਵ ਭੇਜੇ ਉਹ ਸਾਰੇ ਠੁਕਰਾਏ ਗਏ। ਇਸ ਲਈ ਅਸੀਂ ਇਕੱਲੇ ਹੀ 42 ਸੀਟਾਂ 'ਤੇ ਪੱਛਮੀ ਬੰਗਾਲ 'ਚ ਲੋਕ ਸਭਾ ਸੀਟਾਂ ਲੜਨ ਦਾ ਫੈਸਲਾ ਲ਼ਿਆ ਹੈ।