ਬਰਨਾਲਾ: ਜ਼ਿਲ੍ਹੇ ਦੇ ਪਿੰਡ ਸੇਖਾ ਵਾਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਨੌਜਵਾਨ ਨੇ ਆਪਣੇ ਭਰਾਵਾਂ ਨੂੰ ਪਰਾਲੀ ਪ੍ਰਬੰਧਨ ਦੀ ਚਿਣਗ ਲਾਈ ਹੈ, ਜਿਸ ਬਦੌਲਤ ਇਹ ਪਰਿਵਾਰ ਦੂਜੇ ਕਿਸਾਨਾਂ ਲਈ ਉਦਾਹਰਨ ਬਣਿਆ ਹੈ। ਸੇਖਾ ਪਿੰਡ ਵਾਸੀ ਅਮਰਿੰਦਰ ਸਿੰਘ ਵੜੈਚ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ ਟੈਕ (ਬਾਇਓ ਟੈਕਨਾਲੋਜੀ) ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਤਾਏ ਦੇ ਪੁੱਤਾਂ ਸਰਬਜੀਤ ਸਿੰਘ ਵੜੈਚ ਅਤੇ ਬਲਕਾਰ ਸਿੰਘ ਵੜੈਚ ਨਾਲ 35 ਏਕੜ ਦੀ ਖੇਤੀ ਕਰਦੇ ਹਨ।
ਪਰਾਲੀ ਪ੍ਰਬੰਧਨ ਵੱਲ ਮੁੜੇ
ਉਹ ਕਣਕ ਅਤੇ ਝੋਨੇ ਤੋਂ ਇਲਾਵਾ ਆਲੂ, ਮੱਕੀ, ਮੂੰਗੀ ਆਦਿ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਨੇ 2018 ਤੋਂ ਪਰਾਲੀ ਨੂੰ ਅੱਗ ਲਾਉਣੀ ਬੰਦ ਕੀਤੀ ਹੋਈ ਹੈ। ਉਨ੍ਹਾਂ ਦੀ ਭੈਣ ਤਜਿੰਦਰ ਕੌਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਭੂਮੀ ਵਿਗਿਆਨ 'ਤੇ ਪੀਐ$ਚਡੀ ਕਰ ਰਹੀ ਹੈ 'ਤੇ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਭੈਣ ਵੱਲੋਂ ਖੇਤੀਬਾੜੀ ਦੀ ਪੜ੍ਹਾਈ ਕੀਤੀ ਹੋਣ ਅਤੇ ਉਸ ਦੇ ਖ਼ੁਦ ਦੇ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹੋਣ ਕਰਕੇ ਪਰਾਲੀ ਪ੍ਰਬੰਧਨ ਬਾਰੇ ਵਧੇਰੇ ਜਾਣਕਾਰੀ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਦੇ ਭਰਾ ਸਰਬਜੀਤ ਸਿੰਘ ਅਤੇ ਬਲਕਾਰ ਸਿੰਘ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਹੋਣ ਕਾਰਣ ਸਾਰਿਆਂ ਦੇ ਸਲਾਹ ਮਸ਼ਵਰੇ ਨਾਲ ਪਰਾਲੀ ਨੂੰ ਸਾੜਨ ਦੀ ਬਜਾਏ ਪ੍ਰਬੰਧਨ ਕਰਨ ਦੀ ਵਿਉਂਤ ਬਣਾਈ। ਇਸ ਦੌਰਾਨ ਹੈ ਕੋਈ ਦਿੱਕਤ ਆਉਂਦੀ ਤਾਂ ਅਸੀਂ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਜਾਂ ਹੋਰ ਮਾਹਿਰਾਂ ਦੀ ਮਦਦ ਲੈਂਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਰਮ ਸਿੰਘ ਅਤੇ ਤਾਇਆ ਗੁਰਚਰਨ ਸਿੰਘ ਨੇ ਸਾਡੀ ਅਗਵਾਈ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਅਸੀਂ ਪਰਾਲੀ ਪ੍ਰਬੰਧਨ ਵੱਲ ਮੁੜੇ।