ਦੁਬਈ 'ਚ ਫਸੇ ਤਿੰਨ ਨੌਜਵਾਨਾਂ ਨੇ ਵੀਡੀਓ ਜਾਰੀ ਕਰ ਲਾਈ ਮਦਦ ਦੀ ਗੁਹਾਰ
ਤਰਨ ਤਾਰਨ : ਰੋਜ਼ੀ-ਰੋਟੀ ਕਮਾਉਣ ਲਈ ਤਰਨ ਤਾਰਨ ਤੋਂ ਦੁਬਈ ਗਏ ਤਿੰਨ ਪੰਜਾਬੀ ਨੌਜਵਾਨਾਂ ਨੇ ਇੱਕ ਵੀਡੀਓ ਜਾਰੀ ਕਰ ਉੱਥੇ ਫਸੇ ਹੋਣ ਦੀ ਜਾਣਕਾਰੀ ਦਿੱਤੀ ਹੈ। ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬਟਾਲਾ ਦੇ ਇੱਕ ਟਰੈਵਲ ਏਜੰਟ 'ਤੇ ਧੋਖਾਧੜੀ ਕੀਤੇ ਜਾਣ ਦੇ ਦੋਸ਼ ਲਾਏ ਗਏ ਹਨ। ਪੀੜਤ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟਰੈਵਲ ਏਜੰਟ ਵੱਲੋਂ ਉਨ੍ਹਾਂ ਕੋਲੋਂ 70 ਤੋਂ 80 ਹਜ਼ਾਰ ਰੁਪਏ ਲੈ ਕੇ ਉਨ੍ਹਾਂ ਨੂੰ ਟੂਰਿਸਟ ਵੀਜ਼ਾ 'ਤੇ ਦੁਬਈ ਭੇਜਿਆ ਗਿਆ ਸੀ। ਏਜੰਟ ਨੇ ਨੌਜਵਾਨਾਂ ਨੂੰ ਕਿਹਾ ਕਿ ਉੱਥੇ ਉਨ੍ਹਾਂ ਦਾ ਵੀਜ਼ਾ ਬਦਲ ਜਾਵੇਗਾ, ਪਰ ਅਜਿਹਾ ਕੁੱਝ ਨਹੀਂ ਹੋਇਆ। ਕੋਰੋਨਾ ਵਾਇਰਸ ਦੇ ਚਲਦੇ ਕੰਪਨੀਆਂ ਬੰਦ ਹੋਣ ਕਾਰਨ ਉਕਤ ਨੌਜਵਾਨਾਂ ਨੂੰ ਖਾਣ-ਪੀਣ ਸਬੰਧੀ ਤੇ ਵੀਜ਼ਾ ਖ਼ਤਮ ਹੋਣ ਮਗਰੋਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੌਜਵਾਨਾਂ ਨੇ ਵੀਡੀਓ ਰਾਹੀਂ ਪੰਜਾਬ ਸਰਕਾਰ ਤੇ ਸਰਬੱਤ ਦਾ ਭਲਾ ਟਰੱਸਟ ਕੋਲੋਂ ਪੰਜਾਬ ਵਾਪਸ ਬੁਲਾਏ ਜਾਣ ਲਈ ਮਦਦ ਦੀ ਮੰਗ ਕੀਤੀ ਹੈ। ਪੀੜਤਾਂ ਦੇ ਪਰਿਵਾਰ ਨੇ ਵੀ ਸੂਬਾ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।