ਫਿਰੋਜ਼ਪੁਰ: ਸਰਹੱਦੀ ਇਲਾਕੇ 'ਚ ਇੱਕ ਬਾਰ ਮੁੜ ਤੋਂ ਵੇਖਿਆ ਗਿਆ ਪਾਕਿਸਤਾਨੀ ਡਰੋਨ - ਸੀਮਾ ਸੁਰੱਖਿਆ ਬਲ
🎬 Watch Now: Feature Video
ਫਿਰੋਜ਼ਪੁਰ: ਭਾਰਤ-ਪਾਕਿ ਬਾਰਡਰ ਇਲਾਕੇ 'ਚ ਇੱਕ ਵਾਰ ਮੁੜ ਤੋਂ ਪਾਕਿਸਤਾਨੀ ਡਰੋਨ ਦਿਖਾਈ ਦਿੱਤਾ ਹੈ। ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਡਰੋਨ ਨੂੰ ਸੁੱਟਣ ਲਈ ਫਾਇਰਿੰਗ ਵੀ ਕੀਤੀ ਪਰ ਸੰਘਣੀ ਧੁੰਧ ਹੋਣ ਕਰਕੇ ਉਹ ਫਿਰ ਨਜ਼ਰ ਨਹੀਂ ਆਇਆ। ਡਰੋਨ ਦੇ ਵਿਖਾਈ ਦੇਣ ਤੋਂ ਬਾਅਦ ਬੀ.ਐੱਸ.ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਸਾਵਧਾਨ ਹੋ ਗਈਆਂ ਅਤੇ ਉਨ੍ਹਾਂ ਨੂੰ ਡਰੋਨ ਨੂੰ ਲੱਭਣ ਲਈ ਸਰਚ ਅਭਿਆਨ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਦੇ ਬਾਰਡਰ ਏਰੀਆ ਸਮੇਤ ਪੰਜਾਬ ਦੇ ਕਈ ਸਰਹੱਦੀ ਖੇਤਰਾਂ 'ਚ ਪਾਕਿਸਤਾਨੀ ਡਰੋਨ ਦਿਖਾਈ ਦੇ ਚੁੱਕੇ ਹਨ। ਡਰੋਨ ਰਾਹੀਂ ਹਥਿਆਰ ਤੇ ਨਸ਼ੀਲੇ ਪਦਾਰਥ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਸੀ। ਕੁਝ ਦਿਨ ਪਹਿਲਾਂ ਵੀ ਅੰਮ੍ਰਿਤਸਰ ਪੁਲਿਸ ਨੇ 5 ਲੋਕਾਂ 'ਤੇ ਇਸੇ ਸਬੰਧ ਵਿੱਚ ਮੁਕੱਦਮਾ ਦਰਜ ਕਿਤਾ ਸੀ ਅਤੇ ਉਨ੍ਹਾਂ ਕੋਲੋ 2 ਡਰੋਨ ਵੀ ਬਰਾਮਦ ਹੋਏ ਸਨ, ਜੋ ਕਿ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਡਰੋਨ ਰਾਹੀਂ ਮੰਗਵਾਉਣ ਦੀ ਫ਼ਿਰਾਕ ਵਿੱਚ ਸਨ। ਇਸ ਵਿਚੋਂ ਇੱਕ ਡਰੋਨ ਪੁਲਿਸ ਨੇ ਤਰਨਤਾਰਨ ਦੇ ਇੱਕ ਸਕੂਲ ਵਿੱਚ ਬਰਾਮਦ ਕੀਤਾ। ਇਸ ਤੋਂ ਇਲਾਵਾ ਇੱਕ ਡਰੋਨ ਨੂੰ ਹਰਿਆਣਾ ਦੇ ਕਰਨਾਲ ਵਿੱਚ ਕਿਸੇ ਘਰ ਵਿਚੋਂ ਬਰਾਮਦ ਕੀਤਾ ਗਿਆ ਸੀ। ਇਨ੍ਹਾਂ ਗਿਰਫ਼ਤਾਰ ਤਸਕਰਾਂ ਵਿਚੋਂ ਇੱਕ ਫ਼ੌਜ ਦਾ ਜਵਾਨ ਸੀ, ਜੋ ਕਿ ਡਰੋਨ ਦੀ ਖ਼ਰੀਦ ਫਰੋਖ਼ਤ ਦਾ ਕੰਮ ਕਰਦਾ ਸੀ। ਇਸ ਗੱਲ ਦਾ ਖੁਲਾਸਾ ਖੁਦ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ ਸੀ।