ਤਰਨ ਤਾਰਨ 'ਚ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਸ਼ੁਰੂਆਤ
ਤਰਨ ਤਾਰਨ: ਕੈਬਿਨੇਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਰਾਹੀਂ ਕਣਕ ਵੰਡ ਕੇ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੈਬਿਨੇਟ ਮੰਤਰੀ ਨੇ 10 ਲਾਭਪਾਤਰੀਆਂ ਨੂੰ ਪ੍ਰਤੀਕ ਦੇ ਰੂਪ ਵਿੱਚ ਸਮਾਰਟ ਕਾਰਡ ਵੀ ਵੰਡੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 1.78 ਲੱਖ ਪਰਿਵਾਰਾਂ ਦੇ ਲੱਗਭੱਗ 7.30 ਲੱਖ ਲਾਭਪਾਤਰੀਆਂ ਨੂੰ ਇਸ ਦਾ ਫਾਇਦਾ ਮਿਲੇਗਾ। ਸਰਕਾਰੀਆ ਨੇ ਕਿਹਾ ਕਿ ਇਹ ਯੋਜਨਾ ਰਾਜ ਵਿੱਚ ਅਨਾਜ ਦੀ ਜਨਤਕ ਵੰਡ ਪ੍ਰਣਾਲੀ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਹੁਣ ਲੋਕ ਆਪਣੇ ਰਾਸ਼ਨ ਕਾਰਡਾਂ ਨੂੰ ਸਬੰਧਤ ਡਿਪੂ ਵਿੱਚ ਤਬਦੀਲ ਕਰਨ ਦੀ ਚਿੰਤਾ ਕੀਤੇ ਬਗੈਰ ਆਪਣੀ ਮਰਜ਼ੀ ਨਾਲ ਕਿਸੇ ਵੀ ਸਰਕਾਰੀ ਰਾਸ਼ਨ ਡਿਪੂ ਤੋਂ ਅਨਾਜ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਜਨਤਕ ਵੰਡ ਪ੍ਰਣਾਲੀ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਦੇ ਨਾਲ-ਨਾਲ ਜਾਅਲੀ ਵੰਡ ਨੂੰ ਖ਼ਤਮ ਕਰਨਾ ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਅਸਲ ਲਾਭਪਾਤਰੀ ਨੂੰ ਡਿਪੂ ਤੋਂ ਰਾਸ਼ਨ ਮੁਹੱਈਆ ਕਰਵਾਉਣਾ ਹੈ।