ਕੋਵਿਡ-19: ਅੰਮ੍ਰਿਤਸਰ 'ਚ ਹਾਥੀ ਗੇਟ ਇਲਾਕਾ ਕੀਤਾ ਸੀਲ - ਕੋਰੋਨਾ ਪੌਜ਼ੀਟਿਵ ਮਰੀਜ਼
🎬 Watch Now: Feature Video
ਅੰਮ੍ਰਿਤਸਰ : ਵਿਸ਼ਵ ਭਰ ਦੇ ਲੋਕ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਜੂਝ ਰਹੇ ਹਨ। ਪੰਜਾਬ 'ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਜੁਗਲ ਕਿਸ਼ੋਰ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਹਿਰ ਦੇ ਹਾਥੀ ਗੇਟ ਇਲਾਕੇ 'ਚ 2 ਬਜ਼ੁਰਗ ਵਿਅਕਤੀ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ। ਦੋਹਾਂ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ੇਰੇ ਇਲਾਜ ਰੱਖਿਆ ਗਿਆ ਸੀ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਰੀਜ਼ਾਂ ਦੀ ਪਛਾਣ 60 ਸਾਲਾ ਸ਼ੇਰ ਸਿੰਘ ਤੇ 78 ਸਾਲਾ ਸਤਪਾਲ ਸ਼ਰਮਾ ਵਜੋਂ ਹੋਈ ਹੈ। ਇਨ੍ਹਾਂ ਦੋਹਾਂ ਮਰੀਜ਼ਾਂ ਦੀ ਮੌਤ ਤੋਂ ਬਾਅਦ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤੇ ਹਾਥੀ ਗੇਟ ਇਲਾਕੇ ਨੂੰ ਕੰਟੈਂਟਮੈਂਟ ਜ਼ੋਨ ਐਲਾਨਿਆ ਗਿਆ ਹੈ। ਇਸ ਦੌਰਾਨ ਮਹਿਜ਼ ਲੋੜੀਦਾਂ ਚੀਜ਼ਾਂ ਦੀ ਸਪਲਾਈ ਦੀ ਆਗਿਆ ਦਿੱਤੀ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ 'ਚ ਹੁਣ ਤੱਕ ਕੋਰੋਨਾ ਦੇ 493 ਕੇਸ ਆ ਚੁੱਕੇ ਹਨ ਤੇ 355 ਲੋਕ ਸਿਹਤਯਾਬ ਹੋ ਚੁੱਕੇ ਹਨ।