ਅੰਮ੍ਰਿਤਸਰ ਦੀ ਹੈਰਿਟੇਜ ਸਟ੍ਰੀਟ 'ਚ ਲੱਗੇ ਬੁੱਤਾਂ ਦੀ ਕੀਤੀ ਗਈ ਭੰਨਤੋੜ, 8 ਗ੍ਰਿਫ਼ਤਾਰ
🎬 Watch Now: Feature Video
ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਹ 'ਤੇ ਬਣੀ ਹੈਰੀਟੇਜ ਸਟ੍ਰੀਟ ਦੇ ਬਾਹਰ ਲੱਗੇ ਗਿੱਧੇ-ਭੰਗੜੇ ਵਾਲੇ ਬੁੱਤਾਂ ਨੂੰ ਹਟਾਉਣ ਲਈ ਸਿੱਖ ਜੱਥੇਬੰਦੀਆਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਤਹਿਤ ਹੀ ਮੰਗਲਵਾਰ ਦੇਰ ਰਾਤ ਲਗਭਗ 11:30 ਵਜੇ ਬੁੱਤਾਂ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਮੌਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਭੰਨਤੋੜ ਕਰਨ ਵਾਲੇ ਸਿੱਖ ਜੱਥੇਬੰਦੀਆਂ ਦੇ 8 ਨੌਜਵਾਨਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਜੱਥਾ ਹਿੰਮਤ-ਏ-ਖ਼ਾਲਸਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਗੁਰੂ ਘਰ ਨੂੰ ਜਾਂਦੇ ਰਾਹ ‘ਤੇ ਲੱਗੇ ਇਨ੍ਹਾਂ ਬੁੱਤਾਂ ਦਾ ਵਿਰੋਧ ਕਰ ਰਹੇ ਹਨ। ਮੰਗਲਵਾਰ ਰਾਤ ਹੈਰੀਟਜ ਸਟ੍ਰੀਟ ਨੇੜੇ ਸਿੱਖ ਜੱਥੇਬੰਦੀਆਂ ਦੇ ਮੈਂਬਰ ਇਕੱਤਰ ਹੋਏ ਤੇ ਉਨ੍ਹਾਂ ਨੇ ਬੁੱਤਾਂ ਨੂੰ ਹਟਾਉਣ ਦੀ ਮੰਗ ਕਰਦਿਆਂ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਤੇ ਬਾਅਦ ਵਿੱਚ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਹੈਰੀਟੇਜ ਸਟ੍ਰੀਟ ‘ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗਿੱਧੇ-ਭੰਗੜੇ ਦੇ ਬੁੱਤ ਲਾਏ ਗਏ ਸਨ। ਸਿੱਖਾਂ ਦੇ ਮੁੱਖ ਧਾਰਮਿਕ ਵੱਲ ਜਾਂਦੇ ਇਸ ਰਸਤੇ ‘ਤੇ ਲੱਗੇ ਇਨ੍ਹਾਂ ਬੁੱਤਾਂ 'ਤੇ ਇਤਰਾਜ਼ ਕਰਦਿਆਂ ਕੁਝ ਸਿੱਖ ਜਥੰਬੇਦੀਆਂ ਵਲੋਂ ਇਨ੍ਹਾਂ ਬੁੱਤਾਂ ਨੂੰ ਹਟਾਏ ਜਾਣ ਲਈ ਆਵਾਜ਼ ਬੁਲੰਦ ਕੀਤੀ ਹੋਈ ਹੈ। ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੱਝ ਦੋਸ਼ੀਆਂ ਨੂੰ ਗ੍ਰਿਫ਼ਤਾਰ ਲਿਆ ਗਿਆ ਹੈ, ਤੇ ਮੁੱਖ ਦੋਸ਼ੀ ਫਿਲਹਾਲ ਫਰਾਰ ਹੈ ਜਿਸ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।