ਮੋਹਾਲੀ ਪੁਲਿਸ ਨੇ ਆਨਲਾਈਨ ਠੱਗੀ ਮਾਰਨ ਵਾਲੇ 2 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਮੋਹਾਲੀ ਪੁਲਿਸ ਦੀ ਸਾਈਬਰ ਸੈੱਲ ਨੇ ਆਨਲਾਈਨ ਠੱਗੀ ਕਰਨ ਦੇ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਹਾਲੀ ਦੇ ਐੱਸਪੀ ਹਰਮਨ ਹੰਸ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਇੱਕ ਨਿੱਜੀ ਵੈਬਸਾਈਟ ਓਐੱਲਐਕਸ 'ਤੇ ਮੋਬਾਈਲ ਵੇਚਣ ਦੀ ਝੂੱਠੀ ਐਡ ਦੇ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਦੇ ਹਨ। ਇਨ੍ਹਾਂ ਦੇ ਠੱਗੀ ਦਾ ਸ਼ਿਕਾਰ ਹੋਏ ਬਲੌਂਗੀ ਦੇ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ ਦੇ ਚਲਦੇ ਪੁਲਿਸ ਨੂੰ ਲੰਮੇਂ ਸਮੇਂ ਤੋਂ ਦੋਹਾਂ ਮੁਲਜ਼ਮਾਂ ਦੀ ਭਾਲ ਸੀ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਸਕੇ ਭਰਾ ਹਨ ਤੇ 5 ਸੂਬਿਆਂ ਦੀ ਪੁਲਿਸ ਠੱਗੀ ਮਾਮਲੇ 'ਚ ਇਨ੍ਹਾਂ ਦੀ ਭਾਲ ਕਰ ਰਹੀ ਸੀ। ਦੋਵੇਂ ਮੁਲਜ਼ਮਾਂ ਦੀ ਪਛਾਣ ਯੂਪੀ ਦੇ ਸ਼ੇਰਗੜ੍ਹ ਵਾਸੀ ਫਕਰੂਦੀਨ ਅਤੇ ਆਲਮ ਵਜੋਂ ਹੋਈ ਹੈ। ਸਾਈਬਰ ਸੈੱਲ ਤੇ ਮੋਹਾਲੀ ਪੁਲਿਸ ਵੱਲੋਂ ਦੋਹਾਂ ਨੂੰ ਅਦਾਲਤ 'ਚ ਪੇਸ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।