ਪੁਲਿਸ ਨੇ ਫਿਲੌਰ ਤੋਂ 11 ਕਿੱਲੋ ਹੈਰੋਇਨ ਸਣੇ 2 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ - 11 ਕਿੱਲੋ ਹੈਰੋਇਨ ਬਰਾਮਦ
🎬 Watch Now: Feature Video
ਜਲੰਧਰ ਦੀ ਦਿਹਾਤੀ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ 'ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦਿਹਾਤੀ ਪੁਲਿਸ ਵੱਲੋਂ ਫਿਲੌਰ ਵਿਖੇ ਨਾਕਾਬੰਦੀ ਦੌਰਾਨ ਇੱਕ ਬੱਸ ਦੀ ਚੈਕਿੰਗ ਦੇ ਦੌਰਾਨ ਦੋ ਨੌਜਵਾਨਾਂ ਨੂੰ 11 ਕਿੱਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਫਿਲੌਰ ਥਾਣੇ ਦੀ ਦਿਹਾਤੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਇੱਕ ਨਿੱਜੀ ਬੱਸ ਅੰਦਰ ਸਵਾਰ ਦੋ ਨੌਜਵਾਨਾਂ ਨੇ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਦੋਹਾਂ ਨੌਜਵਾਨਾਂ ਨੂੰ ਫੜ੍ਹ ਲਿਆ ਗਿਆ। ਜਦੋਂ ਦੋਹਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਦੇ ਬੈਗ ਚੋਂ 11 ਕਿੱਲੋਂ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਤੇ ਰਮਨ ਕੁਮਾਰ ਵਜੋਂ ਹੋਈ ਹੈ। ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਲੁਧਿਆਣਾ ਤੋਂ ਹੈਰੋਇਨ ਲੈ ਕੇ ਆ ਰਹੇ ਸਨ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।