ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਉਮਰ ਦੇ ਲੋਕ ਅੱਖਾਂ ਦੀ ਧੁੰਦਲੀ ਨਜ਼ਰ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਨ੍ਹਾਂ ਸਮੱਸਿਆਵਾਂ ਪਿੱਛੇ ਦੇਖਭਾਲ ਦੀ ਕਮੀ, ਤਣਾਅ ਅਤੇ ਜੀਵਨਸ਼ੈਲੀ 'ਚ ਬਦਲਾਅ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਕਰਕੇ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਆਪਣੀ ਖੁਰਾਕ 'ਚ ਸਿਹਤਮੰਦ ਭੋਜਨਾਂ ਨੂੰ ਸ਼ਾਮਲ ਕਰ ਸਕਦੇ ਹੋ।
ਅੱਖਾਂ ਦੀ ਰੌਸ਼ਨੀ ਕੰਮਜ਼ੋਰ ਹੋਣ ਪਿੱਛੇ ਕਾਰਨ: ਤਣਾਅ, ਫੋਨ ਅਤੇ ਲੈਪਟਾਪ 'ਤੇ ਜ਼ਿਆਦਾ ਸਮਾਂ ਬਿਤਾਉਣਾ, ਟੀਵੀ ਦੇਖਣਾ, ਬੁਢਾਪਾ, ਨੀਂਦ ਦੀ ਕਮੀ ਵਰਗੇ ਕਾਰਨ ਅੱਖਾਂ ਦੀ ਕੰਮਜ਼ੋਰ ਰੌਸ਼ਨੀ ਪਿੱਛੇ ਜ਼ਿੰਮੇਵਾਰ ਹੋ ਸਕਦੇ ਹਨ। ਸੰਤੁਲਿਤ ਖੁਰਾਕ ਨਾ ਲੈਣ ਨਾਲ ਵੀ ਅੱਖਾਂ ਦੀ ਰੋਸ਼ਨੀ ਪ੍ਰਭਾਵਿਤ ਹੋ ਸਕਦੀ ਹੈ। ਜੇਕਰ ਤੁਸੀਂ ਅੱਖਾਂ ਦੀ ਧੁੰਦਲੀ ਨਜ਼ਰ ਤੋਂ ਪਰੇਸ਼ਾਨ ਹੋ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਅੱਖਾਂ ਦੀ ਦੇਖਭਾਲ ਲਈ ਵਰਤੋ ਸਾਵਧਾਨੀਆਂ: ਕੁਝ ਸਾਵਧਾਨੀਆਂ ਵਰਤਣ ਨਾਲ ਨਜ਼ਰ ਦੀਆਂ ਸਮੱਸਿਆਵਾਂ ਨੂੰ ਰੋਕਿਆ ਜਾ ਸਕਦਾ ਹੈ। ਚੰਗੀ ਖੁਰਾਕ ਅੱਖਾਂ ਨੂੰ ਸਿਹਤਮੰਦ ਰੱਖਣ ਅਤੇ ਨਜ਼ਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦੀ ਹੈ। ਜ਼ਰੂਰੀ ਵਿਟਾਮਿਨਾਂ ਵਾਲੇ ਭੋਜਨ ਦਾ ਸੇਵਨ ਕਰਨ ਨਾਲ ਲੰਬੇ ਸਮੇਂ ਤੱਕ ਅੱਖਾਂ ਦੀ ਰੋਸ਼ਨੀ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਭੋਜਨ ਵਿਚ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਨਜ਼ਰ ਦੀ ਖਰਾਬੀ ਤੋਂ ਬਚਿਆ ਜਾ ਸਕਦਾ ਹੈ। ਵਿਟਾਮਿਨ ਏ ਅਤੇ ਪੱਤੇਦਾਰ ਸਬਜ਼ੀਆਂ ਵਾਲਾ ਭੋਜਨ ਅੱਖਾਂ ਨੂੰ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ।
ਅੱਖਾਂ ਲਈ ਸਿਹਤਮੰਦ ਭੋਜਨ:
ਮੱਛੀ: ਮੱਛੀ ਓਮੇਗਾ-3 ਫੈਟ ਨਾਲ ਭਰਪੂਰ ਹੁੰਦੀ ਹੈ। ਮੱਛੀ ਅੱਖਾਂ ਦੀ ਨਜ਼ਰ ਨੂੰ ਸੁਧਾਰਨ ਲਈ ਲਾਭਦਾਇਕ ਹੁੰਦੀ ਹੈ। ਸਾਲਮਨ ਭੋਜਨ ਅੱਖਾਂ ਲਈ ਖਾਸ ਤੌਰ 'ਤੇ ਚੰਗਾ ਹੁੰਦਾ ਹੈ। ਮੱਛੀ ਖਾਣ ਨਾਲ ਅੱਖਾਂ ਦੀ ਖੁਸ਼ਕੀ ਤੋਂ ਬਚਾਅ ਹੁੰਦਾ ਹੈ ਅਤੇ ਰੈਟੀਨਾ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।
ਬਦਾਮ: ਬਦਾਮ ਵਿਟਾਮਿਨ-ਈ ਨਾਲ ਭਰਪੂਰ ਹੁੰਦੇ ਹਨ ਅਤੇ ਅੱਖਾਂ ਦੀ ਰੋਸ਼ਨੀ ਲਈ ਬਹੁਤ ਵਧੀਆ ਹੁੰਦੇ ਹਨ। ਜੇਕਰ ਸਰੀਰ ਨੂੰ ਵਿਟਾਮਿਨ-ਈ ਮਿਲ ਜਾਵੇ, ਤਾਂ ਮੋਤੀਆਬਿੰਦ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਅੰਡੇ: ਅੰਡੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਅੰਡਿਆਂ ਵਿੱਚ ਲੂਟੀਨ, ਜ਼ੈਕਸਨਥਿਨ, ਵਿਟਾਮਿਨ ਸੀ, ਈ ਅਤੇ ਜ਼ਿੰਕ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਨਜ਼ਰ ਦੀਆਂ ਸਮੱਸਿਆਵਾਂ ਅਤੇ ਅੱਖਾਂ ਦੀਆਂ ਵੱਡੀਆਂ ਬਿਮਾਰੀਆਂ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ।
ਗਾਜਰ: ਗਾਜਰ ਵਿਟਾਮਿਨ-ਏ ਅਤੇ ਬੀਟਾ-ਕੈਰੋਟੀਨ ਨਾਲ ਭਰਪੂਰ ਹੁੰਦੀ ਹੈ। ਇਹ ਅੱਖਾਂ ਦੀ ਝਿੱਲੀ ਦੀ ਰੱਖਿਆ ਕਰਨ ਵਿੱਚ ਮਦਦ ਕਰਦੀ ਹੈ। ਅੱਖਾਂ ਦੀ ਲਾਗ ਅਤੇ ਅੱਖਾਂ ਦੀਆਂ ਹੋਰ ਗੰਭੀਰ ਸਮੱਸਿਆਵਾਂ ਨੂੰ ਘਟਾਉਣ ਲਈ ਗਾਜਰ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।
ਪੱਤੇਦਾਰ ਸਬਜ਼ੀਆਂ: ਪੱਤੇਦਾਰ ਸਬਜ਼ੀਆਂ ਵਿੱਚ ਲੂਟੀਨ, ਜ਼ੈਕਸਨਥਿਨ ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਪੋਸ਼ਕ ਤੱਤ ਅੱਖਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਣ ਲਈ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਗੋਭੀ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰੋ।