ਤਰਨ ਤਾਰਨ: ਸੂਬੇ ਅੰਦਰ ਜਿੱਥੇ ਲੁੱਟਾ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਉੱਥੇ ਹੀ, ਹੁਣ ਲੁਟੇਰਿਆਂ ਵਲੋਂ ਕੀਮਤੀ ਸਮਾਨ ਦੇ ਨਾਲ-ਨਾਲ ਬੱਚੇ ਨੂੰ ਵੀ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਤਾਜ਼ਾ ਮਾਮਲਾ ਤਰਨ ਤਾਰਨ ਤੋਂ ਹੈ। ਇੱਥੇ ਇਕ ਛੋਟਾ ਬੱਚਾ, ਜੋ ਅਪਣੇ ਪਿਤਾ ਨਾਲ ਮੋਟਰ ਸਾਇਕਲ ਉੱਤੇ ਜਾ ਰਿਹਾ ਸੀ, ਕਿ ਕੁਝ ਬਦਮਾਸ਼ਾਂ ਦਾ ਸ਼ਿਕਾਰ ਹੋ ਗਿਆ। ਜ਼ਿਲ੍ਹੇ ਦੇ ਪਿੰਡ ਰੈਸੀਆਣਾ ਤੋਂ ਤਿੰਨ ਸਾਲਾਂ ਦਾ ਬੱਚਾ ਅਗਵਾ ਹੋ ਗਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਰੋਂਦੀ ਵਿਲਖਦੀ ਮਾਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਪਾਸੋਂ ਮਦਦ ਦੀ ਮੰਗ ਕੀਤੀ ਹੈ।
ਪਿਤਾ ਨਾਲ ਗੁਰੂ ਘਰੋਂ ਵਾਪਸ ਪਰਤ ਰਿਹਾ ਸੀ ਬੱਚਾ: ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੋਟਾ ਬੱਚਾ ਗੁਰਸੇਵਕ ਸਿੰਘ ਅਤੇ ਉਸ ਦਾ ਦਾ ਪਿਤਾ ਅੰਗਰੇਜ਼ ਸਿੰਘ ਆਪਣੇ ਪਿੰਡ ਰੈਸੀਆਣਾ ਤੋਂ ਗੁਰਦੁਆਰਾ ਸੇਵਕਪੁਰੀ ਸਾਹਿਬ ਵਿਖੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੱਥਾ ਟੇਕਣ ਗਏ ਸਨ। ਵਾਪਸ ਪਰਤਦੇ ਸਮੇਂ ਕੁਝ ਕਾਰ ਸਵਾਰ ਵਿਅਕਤੀਆਂ ਨੇ ਅੱਡਾ ਡੇਹਰਾ ਸਾਹਿਬ ਨਜ਼ਦੀਕ ਉਨ੍ਹਾਂ ਨੂੰ ਘੇਰ ਲਿਆ ਤੇ ਦਾਤਰ ਦੀ ਨੋਕ ਉੱਤੇ ਪਹਿਲਾਂ ਫੋਨ ਤੇ ਪੈਸੇ ਖੋਹ ਲਏ ਅਤੇ ਫਿਰ ਜਾਂਦੇ ਸਮੇਂ ਬੱਚੇ ਨੂੰ ਵੀ ਅਗਵਾ ਕਰ ਕੇ ਲੈ ਗਏ। ਘਟਨਾ ਬੀਤੇ ਦਿਨ ਐਤਵਾਰ ਨੂੰ ਦੇਰ ਰਾਤ ਅੱਠ ਵਜੇ ਦੇ ਕਰੀਬ ਵਾਪਰੀ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪੁਲਿਸ ਪ੍ਰਸ਼ਾਸਨ ਪਾਸੋਂ ਮਦਦ ਦੀ ਮੰਗ ਕੀਤੀ ਹੈ।
ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ: ਪਿੰਡ ਵਾਸੀਆਂ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਬੇਹਦ ਹੀ ਨਿੰਦਣਯੋਗ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਉੱਤੇ ਸਖ਼ਤੀ ਨਾਲ ਨਜਿੱਠਣ। ਉੱਥੇ ਹੀ, ਪਰਿਵਾਰਿਕ ਮੈਂਬਰ ਸਵਰਾਜ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਛੋਟੇ ਬੱਚੇ ਨੂੰ ਅਗਵਾ ਕਰ ਲਿਆ ਗਿਆ। ਪੈਸੇ ਤੇ ਨਕਦੀ ਲੈ ਗਏ, ਤਾਂ ਇਕ ਵਾਰ ਬੰਦਾ ਜ਼ਰ ਲੈਂਦਾ ਹੈ, ਪਰ ਬੱਚੇ ਨੂੰ ਅਗਵਾ ਕਰਨ ਬਰਦਾਸ਼ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਡਾ ਬੱਚਾ ਸਾਨੂੰ ਲੱਭ ਕੇ ਸਹੀ ਸਲਾਮਤ ਦੇ ਦਿੱਤਾ ਜਾਵੇ।
ਪੁਲਿਸ ਅਧਿਕਾਰੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਮਿਲੀ ਹੈ ਕਿ ਅਣਪਛਾਤਿਆਂ ਵਲੋਂ ਪਿਤਾ ਨਾਲ ਜਾ ਰਹੇ ਬੱਚੇ ਨੂੰ ਅਗਵਾ ਕੀਤਾ ਗਿਆ ਹੈ। ਇਸ ਸਬੰਧੀ ਵੱਖ-ਵੱਖ ਟੀਮਾਂ ਬਣਾ ਲਈਆਂ ਗਈਆਂ ਹਨ। ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਇਸ ਤੋਂ ਇਲਾਵਾ ਤਕਨੀਕੀ ਟੀਮਾਂ ਦੀ ਮਦਦ ਨਾਲ ਬੱਚੇ ਦੀ ਭਾਲ ਸ਼ੁਰੂ ਕਰਨ ਲਈ ਸ਼ੱਕੀਆਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ।