ਤਰਨ ਤਾਰਨ: ਕਸਬਾ ਖਡੂਰ ਸਾਹਿਬ ’ਚ ਚੋਰਾਂ ਨੇ ਇੱਕ ਗੰਨ ਹਾਊਸ ਨੂੰ ਨਿਸ਼ਾਨਾ ਬਣਾਉਂਦਿਆਂ ਦੋ ਹਜ਼ਾਰ ਤੋਂ ਵੱਧ ਕਾਰਤੂਸ ਅਤੇ ਏਅਰ ਪਿਸਟਲਾਂ ਸਮੇਤ ਗੰਨਾਂ ਚੋਰੀ ਕਰ ਲਈਆਂ। ਚੋਰਾਂ ਨੇ ਛੱਤ ਕੋਲ ਪਾੜ ਲਗਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਹਰਿੰਦਰਪਾਲ ਸਿੰਘ ਵਾਸੀ ਮੱਲ੍ਹਾ ਨੇ ਦੱਸਿਆ ਕਿ ਉਹ ਰਾਤ ਕਰੀਬ 8 ਵਜੇ ਆਪਣੇ ਰਾਜਾ ਗੰਨ ਹਾਊਸ ਬੰਦ ਕਰਕੇ ਘਰ ਚਲਾ ਗਿਆ ਸੀ ਅਤੇ ਸਵੇਰੇ 11 ਵਜੇ ਜਦੋਂ ਦੁਕਾਨ ’ਤੇ ਆਇਆ ਤਾਂ ਵੇਖਿਆ ਕਿ ਛੱਤ ਕੋਲ ਪਾੜ ਪਿਆ ਹੋਇਆ ਸੀ ਅਤੇ ਗੰਨ ਹਾਊਸ ਤੋਂ ਵੱਖ ਵੱਖ ਬੋਰ ਦੇ 2 ਹਜ਼ਾਰ 60 ਕਾਰਤੂਸਾਂ ਤੋਂ ਇਲਾਵਾ 12 ਏਅਰ ਗੰਨਾਂ, ਇੱਕ ਏਅਰ ਪਿਸਟਲ, ਡਿਜੀਟਲ ਕੈਮਰਾ ਅਤੇ ਗੱਲੇ ਵਿਚੋਂ 24 ਹਜ਼ਾਰ ਦੀ ਨਕਦੀ ਚੋਰੀ ਹੋ ਚੁੱਕੀ ਸੀ।
ਵੱਡੀ ਮਾਤਰਾ ’ਚ ਗੋਲੀ ਸਿੱਕਾ ਚੋਰੀ ਹੋਣ ਤੋਂ ਬਾਅਦ ਪੁਲਿਸ ਦੀ ਨੀਂਦ ਉੱਡ ਗਈ ਹੈ। ਮੌਕੇ ’ਤੇ ਪਹੁੰਚੇ ਤਰਨ ਤਾਰਨ ਦੇ ਐਸ.ਐਸ.ਪੀ. ਨੇ ਕਿਹਾ ਕਿ ਮੁਲਜ਼ਮਾਂ ਦੀ ਤਲਾਸ਼ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਨ੍ਹਾਂ ਦਾ ਪਤਾ ਲਗਾ ਲਿਆ ਜਾਵੇਗਾ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ’ਚ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।