ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਭੰਗਾਲਾ ਦੇ ਕੋਲ ਬਣੀ ਡਿਫੈਂਸ ਨਹਿਰ ਵਿੱਚ ਤਿੰਨ ਦਿਨ ਤੋਂ ਪਿਆ ਪਾੜ 30 ਤੋਂ 35 ਫੁੱਟ ਚੌੜਾ ਹੋ ਗਿਆ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬਣ ਕਾਰਨ ਖ਼ਰਾਬ ਹੋ ਗਈ ਹੈ, ਜਿਸ ਨੂੰ ਲੈ ਕੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਤਰਨਤਾਰਨ ਅਤੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਆਗੂ ਅਤੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਇਸ ਡਿਫੈਂਸ ਨਹਿਰ ਵਿੱਚ ਪਾੜ ਪਏ ਨੂੰ ਤਿੰਨ ਦਿਨ ਹੋ ਗਏ ਨੇ ਅਤੇ ਇਸ ਦਾ ਸਾਰਾ ਪਾਣੀ ਲੋਕਾਂ ਦੇ ਖੇਤਾਂ ਅਤੇ ਘਰਾਂ ਵਿੱਚ ਜਾ ਚੁੱਕਾ ਹੈ। ਹੁਣ ਤੱਕ ਉਹਨਾਂ ਦੇ ਕੋਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਕੋਈ ਵੀ ਲੀਡਰ ਨਹੀਂ ਪਹੁੰਚਿਆ ਅਤੇ ਨਾ ਹੀ ਇਸ ਪਾੜ ਨੂੰ ਪੂਰਨ ਲਈ ਕੋਈ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਹੈ।
ਵਿਧਾਇਕ ਖ਼ਿਲਾਫ਼ ਨਰਾਜ਼ਗੀ: ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਤਰਨਤਾਰਨ ਅਤੇ ਐੱਸਡੀਐੱਮ ਪੱਟੀ ਨੂੰ ਫੋਨ ਵੀ ਕੀਤੇ ਗਏ ਅਤੇ ਉਨ੍ਹਾਂ ਨੂੰ ਸਾਰੇ ਹਲਾਤਾਂ ਦੀ ਜਾਣਕਾਰੀ ਵੀ ਦਿੱਤੀ ਗਈ। ਵੀਡੀਓ ਵੀ ਪਾਈਆਂ ਗਈਆਂ ਪਰ ਫਿਰ ਵੀ ਕਿਸੇ ਪ੍ਰਸ਼ਾਸਨ ਜਾਂ ਸਰਕਾਰ ਦੇ ਲੀਡਰ ਨੇ ਉਹਨਾਂ ਦੀ ਸਾਰ ਨਹੀਂ ਲਈ। ਕਿਸਾਨਾਂ ਨੇ ਕਿਹਾ ਕਿ ਹਲਕਾ ਪੱਟੀ ਦੇ ਵਿਧਾਇਕ ਪਿੱਛੇ ਹੀ ਨਹਿਰਾਂ ਉੱਤੇ ਫੋਟੋਆਂ ਖਿਚਾ ਕੇ ਵਾਪਸ ਮੁੜ ਜਾਂਦੇ ਹਨ ਪਰ ਜਿੱਥੇ ਜ਼ਮੀਨੀ ਹਕੀਕਤ ਹੈ ਉੱਥੇ ਨਹੀਂ ਪਹੁੰਚਦੇ।
- ਬਟਾਲਾ ਪੁਲਿਸ ਨੂੰ ਮਿਲੀ ਸਫਲਤਾ, ਗੈਰ-ਕਾਨੂੰਨੀ ਹਥਿਆਰਾਂ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
- ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਮੁੱਖ ਖੇਤੀਬਾੜੀ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਯਕੀਨੀ ਬਣਾਉਣ ਦੇ ਨਿਰਦੇਸ਼
- ਸੁਖਬੀਰ ਬਾਦਲ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ, ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਬੰਦ ਕਰੋ ਦਖਲਅੰਦਾਜ਼ੀ
ਮਜਬੂਰ ਹੋ ਕੇ ਸੜਕਾਂ 'ਤੇ ਉਤਰਨਾ ਪਵੇਗਾ: ਪੀੜਤ ਕਿਸਾਨਾਂ ਨੇ ਦੱਸਿਆ ਕਿ ਅੱਜ ਤੋਂ ਕੁੱਝ ਦਿਨ ਪਹਿਲਾਂ ਵੀ ਇਸੇ ਡਿਫੈਂਸ ਨਹਿਰ ਦਾ ਬੰਨ੍ਹ ਟੁੱਟ ਗਿਆ ਸੀ ਅਤੇ ਉਦੋਂ ਵੀ ਉਹਨਾਂ ਦੀ ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਪਾਣੀ ਨੂੰ ਕੱਢ ਕੇ ਦੁਬਾਰਾ ਫਸਲ ਲਾਈ ਸੀ ਪਰ ਫਿਰ ਤੋਂ ਹੁਣ ਬੰਨ੍ਹ ਟੁੱਟ ਗਿਆ ਹੈ। ਜਿਸ ਕਾਰਨ ਉਨ੍ਹਾਂ ਦੀ ਦੂਜੀ ਵਾਰ ਫਸਲ ਇਸ ਪਾਣੀ ਵਿੱਚ ਡੁੱਬਣ ਕਾਰਨ ਖ਼ਰਾਬ ਹੋ ਗਈ ਹੈ, ਜਿਸ ਕਰਕੇ ਉਹਨਾਂ ਨੂੰ ਮਜਬੂਰ ਹੋ ਕੇ ਅੱਜ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਖਿਲਾਫ ਨਾਅਰੇਬਾਜ਼ੀ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਜੇ ਜਲਦੀ ਹੀ ਇਸ ਨਹਿਰ ਵਿੱਚ ਪਿਆ ਪਾੜ ਬੰਦ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਸੜਕਾਂ ਉੱਤੇ ਉਤਰਨਾ ਪਵੇਗਾ ਅਤੇ ਰੋਡ ਜਾਮ ਕਰਨੇ ਪੈਣਗੇ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਤਰਨਤਾਰਨ ਦਾ ਪ੍ਰਸ਼ਾਸਨ ਹੋਵੇਗਾ।