ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਫਤਿਆਬਾਦ ਵਿਖੇ ਚੋਰਾਂ ਨੇ ਰਾਤ ਸਮੇਂ ਇਕ ਸੁਵਿਧਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਚੋਰਾਂ ਨੇ ਸੁਵਿਧਾ ਕੇਂਦਰ ਅੰਦਰੋਂ ਤਿੰਨ ਕੀਮਤੀ ਬੈਟਰੇ ਚੋਰੀ ਕੀਤੇ ਹਨ। ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਹੋ ਚੁੱਕੀ ਹੈ। ਉਕਤ ਸੇਵਾ ਕੇਂਦਰ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਚੋਰਾਂ ਨੇ ਧੁੰਦ ਦਾ ਫਾਇਦਾ ਚੁੱਕਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਸੁਵਿਧਾ ਕੇਂਦਰ ਦੇ ਮੁਲਾਜ਼ਮ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸੁਵਿਧਾ ਕੇਂਦਰ ਗਿਆ ਤਾਂ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਪਏ 3 ਬੈਟਰੇ ਤੇ ਇਕ ਯੂਪੀਐੱਸ ਬੈਟਰੀ ਗਾਇਬ ਸੀ। ਮੁਲਾਜ਼ਮ ਦਾ ਕਹਿਣਾ ਹੈ ਕਿ ਤਕਰੀਬਨ ਉਕਤ ਬੈਟਰਿਆਂ ਦੀ ਕੀਮਤ 30 ਤੋਂ 40 ਹਜ਼ਾਰ ਰੁਪਏ ਹੈ। ਮੁਲਾਜ਼ਮ ਨੇ ਕਿਹਾ ਕਿ ਇਸ ਸਬੰਧੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਸੀਸੀਟੀਵੀ ਖੈਮਰੇ ਖੰਘਾਲੇ ਜਾ ਰਹੇ ਹਨ।
ਉਧਰ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸੁਵਿਧਾ ਕੇਂਦਰ ਵੱਲੋਂ ਚੋਰੀ ਦੀ ਦਰਖਾਸਤ ਪ੍ਰਾਪਤ ਹੋਈ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਕੇ ਅਗਲੇਰੀ ਜਾਂਚ ਅਮਲ ਵਿਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਵਿਧਾ ਕੇਂਦਰ ਦਾ ਕੋਈ ਵੀ ਸੁਰੱਖਿਆ ਗਾਰਡ ਨਹੀਂ ਹੈ।
ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 56 ਦਿਨਾਂ ਬਾਅਦ ਮੁੜ ਮਿਲੀ 40 ਦਿਨ ਦੀ ਪੈਰੋਲ
ਇਸ ਦੌਰਾਨ ਸੁਵਿਧਾ ਕੇਂਦਰ ਵਿਚ ਕੰਮ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣਾ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇਹ ਕੋਈ ਪਹਿਲੀ ਚੋਰੀ ਨਹੀਂ ਹੋਈ ਅੱਗੇ ਵੀ ਕਾਫੀ ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਢੁੱਕਵਾਂ ਹੱਲ ਨਹੀਂ ਕੀਤਾ ਜਾਂਦਾ।
ਦੱਸ ਦੇਈਏ ਕਿ ਠੰਢ ਅਤੇ ਧੁੰਦ ਦੇ ਦਿਨਾਂ ਵਿਚ ਚੋਰ ਗਿਰੋਹ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਲਗਾਤਾਰ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਰਹੇ ਹਨ। ਹੁਣ ਚੋਰਾਂ ਵੱਲੋਂ ਸਰਕਾਰ ਦੁਆਰਾ ਬਣਾਏ ਗਏ ਸੁਵਿਧਾ ਕੇਂਦਰਾਂ, ਸਰਕਾਰੀ ਸਕੂਲਾਂ ਜਾਂ ਹੋਰਨਾਂ ਸਰਕਾਰੀ ਦਫ਼ਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ। ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਕਾਬੂ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਲਾਕੇ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪੈ ਸਕੇ।