ਤਰਨਤਾਰਨ : ਗਰੀਬੀ ਕਾਰਨ ਘਰ ਦੇ ਬਣੇ ਮਾੜੇ ਹਾਲਾਤਾਂ ਨੂੰ ਵੇਖ ਕੇ ਅੰਦਰੋ-ਅੰਦਰੀ ਰੋਜ਼ ਹੰਝੂ ਪੀ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਵਿਧਵਾ ਔਰਤ ਨੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਾਈ ਹੈ। ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਉਸਨੂੰ ਹੋਰ ਕੁਝ ਨਹੀਂ ਸਿਰਫ ਉਸ ਦੇ ਅਤੇ ਉਸ ਦੇ ਬੱਚਿਆਂ ਲਈ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਨ ਜੋਗੀ ਮਦਦ ਦੀ ਲੋੜ ਹੈ। ਗਰੀਬ ਪਰਿਵਾਰ ਨੂੰ ਦੋ ਵੇਲੇ ਦੀ ਰੋਟੀ ਲਈ ਵੀ ਸੋਚਣਾ ਪੈ ਰਿਹਾ ਹੈ।
ਪਤੀ ਦਾ ਨਹੀ ਕਰਵਾ ਸਕੀ ਇਲਾਜ : ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਅਲੀਪੁਰ ਦੀ ਰਹਿਣ ਵਾਲੀ ਵਿਧਵਾ ਔਰਤਾਂ ਸਰਬਜੀਤ ਕੌਰ ਨੇ ਭਰੇ ਮਨ ਨਾਲ ਆਪਣੇ ਘਰ ਦੇ ਹਾਲਾਤ ਦੱਸਦੇ ਹੋਏ ਕਿਹਾ ਕਿ ਪਹਿਲਾਂ ਤਾਂ ਗਰੀਬੀ ਕਾਰਨ ਉਸਦੇ ਪਤੀ ਦੀ ਜਾਨ ਚਲੀ ਗਈ ਕਿਉਂਕਿ ਉਸਨੂੰ ਗੰਭੀਰ ਬੀਮਾਰੀ ਲੱਗ ਗਈ ਸੀ। ਜਿਸਦਾ ਉਹ ਇਲਾਜ ਵੀ ਨਹੀਂ ਕਰਵਾ ਸਕੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਪੀੜਤ ਵਿਧਵਾ ਔਰਤ ਨੇ ਦੱਸਿਆ ਕਿ ਉਹ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹੁੰਦੇ ਗਏ ਅਤੇ ਹੁਣ ਇਹੋ ਜਿਹੇ ਦਿਨ ਆ ਗਏ ਕਿ ਉਹ ਆਪਣੇ ਦੋ ਛੋਟੇ ਬੱਚਿਆਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਖਵਾ ਪਾ ਰਹੀ ਹੈ। ਕਿਉਂਕਿ ਲੋਕਾਂ ਦੇ ਘਰਾਂ ਵਿਚ ਝਾੜੂ ਪੋਚੇ ਦਾ ਕੰਮ ਕਰਕੇ ਜੋ ਪੈਸੇ ਉਹ ਲੈ ਕੇ ਆਉਂਦੀ ਹੈ ਉਹ ਹੋਰ ਖਰਚਿਆਂ ਉੱਤੇ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ : Reena Rai in Turban: ਮਰਹੂਮ ਦੀਪ ਸਿੱਧੂ ਦੇ ਜਨਮਦਿਨ ਮੌਕੇ ਅੰਮ੍ਰਿਤਸਰ ਪਹੁੰਚੀ ਰੀਨਾ ਰਾਏ, ਸਿੱਖੀ ਸਰੂਪ 'ਚ ਆਈ ਨਜ਼ਰ
ਛੋਟੀ ਬੱਚੀ ਦੀ ਛੁੱਟੀ ਪੜ੍ਹਾਈ : ਪੀੜਤ ਔਰਤ ਨੇ ਦੱਸਿਆ ਕਿ ਘਰ ਵਿੱਚ ਨਾ ਤਾ ਕੋਈ ਮੋਟਰ ਲੱਗੀ ਹੋਈ ਹੈ ਉਸਦੇ ਛੋਟੇ ਬਚੇ ਲੋਕਾਂ ਦੇ ਘਰਾਂ ਵਿੱਚ ਪਾਣੀ ਲੈ ਕੇ ਆਉਂਦੇ ਹਨ ਅਤੇ ਉਸ ਨਾਲ ਆਪਣਾ ਗੁਜ਼ਾਰਾ ਕਰਦੇ ਹਨ। ਪੀੜਤ ਵਿਧਵਾ ਔਰਤ ਦੀ ਛੋਟੀ ਜਿਹੀ ਬੱਚੀ ਨੇ ਵੀ ਕੈਮਰੇ ਸਾਹਮਣੇ ਆਪਣੀ ਹੱਡ ਬੀਤੀ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰੋਟੀ ਲਈ ਵੀ ਜੂਝਣਾ ਪੈ ਰਿਹਾ ਹੈ। ਪੀੜਤ ਛੋਟੀ ਬੱਚੀ ਨੇ ਦੱਸਿਆ ਕਿ ਉਹ ਪੜ੍ਹਨਾ ਲਿਖਣਾ ਚਾਹੁੰਦੀ ਹੈ ਪਰ ਘਰ ਦੀ ਗਰੀਬੀ ਕਾਰਨ ਉਹ ਪੜ੍ਹ ਨਹੀਂ ਸਕਦੀ। ਪੀੜਤ ਵਿਧਵਾ ਔਰਤ ਅਤੇ ਉਸ ਦੀ ਛੋਟੀ ਬੱਚੀ ਨੇ ਸਮਾਜਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰਕੇ ਦੇ ਦਿੱਤਾ ਜਾਵੇ। ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ।