ਤਰਨਤਾਰਨ: ਜ਼ਿਲ੍ਹੇ ਦੇ ਸਰਹੱਦੀ ਪਿੰਡ ਵਿੱਚ ਬੀਤੀ ਰਾਤ 7 ਵਜੇ ਦੇ ਕਰੀਬ ਤਿੰਨ ਨੌਜਵਾਨਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਇੱਕ 18 ਸਾਲਾ ਦੀ ਲੜਕੀ ਨੂੰ ਪਿਸਤੌਲ ਦੇ ਜ਼ੋਰ ਉਤੇ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਘਰ ਅੰਦਰ ਦਾਖਲ ਹੋਏ ਤਿੰਨੋਂ ਨੌਜਵਾਨਾਂ ਵੱਲੋਂ ਪਹਿਲਾਂ ਲੜਕੀ ਦੀ ਮਾਂ-ਭੈਣ ਅਤੇ ਭਰਾ ਦੀ ਕੁੱਟਮਾਰ ਕੀਤੀ ਗਈ। ਫਿਰ ਬਾਅਦ ਵਿੱਚ ਲੜਕੀ ਦੀ ਮਾਂ ਉਤੇ ਪਿਸਤੌਲ ਤਾਣ ਕੇ ਲੜਕੀ ਨੂੰ ਅਗਵਾਹ ਕਰ ਕੇ ਲੈ ਗਏ ਹਨ।
ਉਧਰ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਤੀ ਪਿੰਡ ਵਿੱਚ ਹੀ ਕਿਸੇ ਕੰਮ ਲਈ ਗਿਆ ਸੀ ਅਤੇ ਉਸਦੀ ਵੱਡੀ ਲੜਕੀ, ਛੋਟੀ ਲੜਕੀ ਤੇ ਲੜਕਾ ਘਰ ਮੌਜੂਦ ਸੀ, ਕਿ ਅਚਾਨਕ ਕੁੱਝ ਨੌਜਵਾਨਾਂ ਨੇ ਘਰ ਅੰਦਰ ਵੜ ਕੇ ਉਸਦੇ ਸਿਰ ਵਿੱਚ ਹਾਕੀ ਮਾਰ ਦਿੱਤੀ ਅਤੇ ਕਮਰੇ ਵਿੱਚ ਬੈਠੀ ਉਸਦੀ ਲੜਕੀ ਨੂੰ ਧੂਹ ਕੇ ਬਾਹਰ ਲੈ ਗਏ। ਲੜਕੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਉਸ ਉਤੇ ਪਿਸਤੌਲ ਤਾਣ ਦਿੱਤੀ ਅਤੇ ਇਹ ਧਮਕੀ ਦਿੱਤੀ ਕਿ ਜੇਕਰ ਕੋਈ ਰੌਲਾ ਪਾਇਆ ਤਾਂ ਤੈਨੂੰ ਗੋਲੀ ਮਾਰ ਦੇਵਾਂਗੇ।
ਲੜਕੀ ਦੇ ਪਿਤਾ ਨੇ ਦੱਸਿਆ ਕਿ ਸਾਲ 2022 ਦੇ ਜੁਲਾਈ ਮਹੀਨੇ ਵਿੱਚ ਪਹਿਲਾਂ ਵੀ ਉਸਦੇ ਸਾਂਢੂ ਦਾ ਭਰਾ ਉਸਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਸੀ, ਜਿਸ ਸਬੰਧੀ ਭਿੱਖੀਵਿੰਡ ਪੁਲਿਸ ਵੱਲੋਂ ਇੱਕ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ, ਪਰ ਪੁਲਸ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਅੱਜ ਉਸ ਨੇ ਫਿਰ ਗੁੰਡਾਗਰਦੀ ਕਰਦਿਆਂ ਘਰ ਵਿੱਚ ਦਾਖਲ ਹੋ ਕੇ ਉਸਦੇ ਪਰਿਵਾਰ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਦੀ ਲੜਕੀ ਨੂੰ ਅਗਵਾਹ ਕਰ ਕੇ ਲੈ ਗਿਆ। ਪੀੜਤ ਲੜਕੀ ਦੇ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਸਦੀ ਲੜਕੀ ਨੂੰ ਵਾਪਿਸ ਲਿਆਦਾ ਜਾਵੇ।
ਉਥੇ ਹੀ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਦੇ ਮੁਖੀ ਸਬ-ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਪਹਿਲਾਂ ਵੀ ਸਲਮਾਨ ਨਾਮਕ ਸ਼ਖਸ ਵੱਲੋਂ ਬੀਤੇ 6 ਮਹੀਨੇ ਪਹਿਲਾਂ ਅਗਵਾਹ ਕੀਤਾ ਗਿਆ ਸੀ, ਜਿਸ ਸੰਬੰਧੀ ਭਿੱਖੀਵਿੰਡ ਪੁਲਿਸ ਵੱਲੋਂ ਮੁਕੱਦਮਾ ਦਰਜ ਹੈ ਪਰ ਅੱਜ ਸਲਮਾਨ ਵੱਲੋਂ ਫਿਰ ਲੜਕੀ ਨੂੰ ਅਗਵਾਹ ਕੀਤਾ ਗਿਆ ਹੈ, ਜਿਸ ਤੇ ਭਿੱਖੀਵਿੰਡ ਪੁਲਿਸ ਵੱਲੋਂ ਉਕਤ ਅਗਵਾਹਕਾਰਾ ਖਿਲਾਫ ਮੁਕਦਮਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Hardman Singh Kahlo died in Canada: ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਮੌਤ, ਪਰਿਵਾਰ ਵੱਲੋਂ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ