ਤਰਨਤਾਰਨ: ਸ਼੍ਰੀ ਨਗਰ ਦੇ ਪੁੰਛ ਵਿੱਚ ਸ਼ਹੀਦ ਹੋਏ ਫੌਜੀ ਵਰਿੰਦਰ ਸਿੰਘ ਦਾ ਸੈਨਿਕ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਮੌਕੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਨਹੀਂ ਸੀ। ਪਿੰਡ ਵਾਸਿਆਂ ਨੇ ਇਸਦਾ ਰੋਸ ਜਾਹਿਰ ਕੀਤਾ ਹੈ। ਜਾਣਕਾਰੀ ਮੁਤਾਬਿਕ ਪਿੰਡ ਗੋਹਲਵੜ ਦੇ ਨਾਇਬ ਸੂਬੇਦਾਰ ਵਰਿੰਦਰ ਸਿੰਘ ਕਰੀਬ 14 ਸਾਲ ਤੋਂ ਫੌਜ ਵਿੱਚ ਸੇਵਾ ਨਿਭਾ ਰਹੇ ਸਨ। ਸ਼੍ਰੀ ਨਗਰ ਦੇ ਪੁੰਛ ਇਲਾਕੇ ਵਿੱਚ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਏ ਸਨ। ਸ਼ਹੀਦ ਦੇ ਪਰਿਵਾਰ ਵਿੱਚ ਇੱਕ 7 ਸਾਲਾਂ ਦਾ ਲੜਕਾ ਸੱਤ ਸਾਲ ਅਤੇ ਬਜੁਰਗ ਮਾਪੇ ਹਨ। ਪਿੰਡ ਵਾਲਿਆਂ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ।
ਬਰਨਾਲਾ ਦਾ ਜਵਾਨ ਵੀ ਹੋਇਆ ਸੀ ਸ਼ਹੀਦ: ਪਿਛਲੇ ਮਹੀਨੇ ਬਰਨਾਲਾ ਜਿਲ੍ਹੇ ਦੇ ਪਿੰਡ ਵਜੀਦਕੇ ਕਲਾਂ ਦਾ ਫੌਜੀ ਜਵਾਨ ਲਾਂਸ ਨਾਇਕ ਜਸਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਜੰਮੂ-ਕਸ਼ਮੀਰ ਵਿੱਚ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ। ਮ੍ਰਿਤਕ ਨੌਜਵਾਨ ਜਸਵੀਰ ਸਿੰਘ 2016 ਵਿੱਚ ਜੰਮੂ-ਕਸ਼ਮੀਰ ਰਾਈਫਲਜ਼ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਖੇਤਰ ਵਿੱਚ ਡਿਊਟੀ ‘ਤੇ ਤਾਇਨਾਤ ਸੀ।
ਭਾਰਤੀ ਫ਼ੌਜ ਨੇ ਪਰਿਵਾਰ ਨੂੰ ਦਿੱਤੀ ਜਾਣਕਾਰੀ: ਦਰਅਸਲ ਪਰਿਵਾਰ ਨੂੰ ਫੋਨ ਆਇਆ ਸੀ ਕਿ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਉਹਨਾਂ ਦਾ ਪੁੱਤਰ ਸ਼ਹੀਦ ਹੋ ਗਿਆ ਹੈ। ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ,ਉਸਦਾ ਅੰਤਿਮ ਸਸਕਾਰ ਮ੍ਰਿਤਕ ਦੇਹ ਪਿੰਡ ਆਉਣ ‘ਤੇ ਕੀਤਾ ਜਾਵੇਗਾ। ਗੋਲੀ ਲੱਗਣ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋਏ ਹਨ। ਸ਼ਹੀਦ ਜਸਵੀਰ ਸਿੰਘ ਹਫ਼ਤਾ ਪਹਿਲਾਂ ਹੀ ਛੁੱਟੀ ਕੱਟ ਕੇ ਪਿੰਡ ਤੋਂ ਗਿਆ ਸੀ। ਉਹ ਛੋਟੀ ਕਿਸਾਨੀ ਨਾਲ ਸਬੰਧ ਰੱਖਦੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਜਸਵੀਰ ਸਿੰਘ ਦੀ ਮਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਡੇਢ ਵਜੇ ਫ਼ੌਜ ਦੇ ਅਫ਼ਸਰਾਂ ਤੋਂ ਫ਼ੋਨ ਆਇਆ ਸੀ। ਉਹਨਾਂ ਵਲੋਂ ਜਸਵੀਰ ਦੇ ਪਿਤਾ ਨੂੰ ਦੱਸਿਆ ਗਿਆ ਕਿ ਜਸਵੀਰ ਸ਼ਹੀਦ ਹੋ ਗਿਆ ਹੈ। ਜਿਸਤੋਂ ਬਾਅਦ ਸਾਰੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।