ਤਰਨ ਤਾਰਨ: ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸੋਮਵਾਰ ਨੂੰ ਹਰੀਕੇ ਝੀਲ ਦੇ ਮਰੜ ਖੇਤਰ ਵਿਖੇ ਆਬਕਾਰੀ ਵਿਭਾਗ ਤਰਨ ਤਾਰਨ, ਫਿਰੋਜ਼ਪੁਰ ਨੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ, ਸਥਾਨਕ ਪੁਲਿਸ ਨੂੰ ਨਾਲ ਲੈ ਕੇ ਸਾਂਝੇ ਤੌਰ ‘ਤੇ ਛਾਪੇਮਾਰੀ ਕੀਤੀ ਅਤੇ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕਰ ਉਸ ਨੂੰ ਨਸ਼ਟ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਅਫ਼ਸਰ ਮਨਵੀਰ ਬੁੱਟਰ ਨੇ ਦੱਸਿਆ ਕਿ ਰੇਡ ਦੌਰਾਨ ਤਕਰੀਬਨ 1 ਲੱਖ 25 ਹਜ਼ਾਰ ਲੀਟਰ ਲਾਹਣ ਬਾਰਮਦ ਕੀਤੀ ਗਈ, ਜਿਸ ਨੂੰ ਹਰੀਕੇ ਝੀਲ ਦੇ ਖੇਤਰ ਤੋਂ ਬਾਹਰ ਲਿਜਾ ਕੇ ਮੌਕੇ ‘ਤੇ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ ‘ਤੇ 25 ਦੇ ਕਰੀਬ ਤਰਪਾਲ ਅਤੇ 10 ਲੋਹੇ ਦੇ ਡਰੰਮ ਵੀ ਬਰਾਮਦ ਕਰਕੇ ਕਬਜ਼ੇ ਵਿੱਚ ਲਏ ਗਏ ਹਨ। ਵਣ ਵਿਭਾਗ ਦੇ ਰੇਂਜ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਤਸਕਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਖਿਲਾਫ਼ ਜੰਗਲੀ-ਜੀਵ ਐਕਟ 1972 ਤਹਿਤ ਵੀ ਕੇਸ ਦਰਜ ਕੀਤਾ ਜਾਵੇਗਾ।