ਤਰਨਤਾਰਨ : ਪਿਛਲੀ ਕਾਂਗਰਸ ਸਰਕਾਰ ਦੌਰਾਨ ਤਰਨਤਾਰਨ ਤੇ ਆਲੇ-ਦੁਆਲੇ ਦੇ ਇਲਾਕੇ ਵਿਚ ਜ਼ਹਿਰੀਲੀ ਸਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਰੋਸ ਵਜੋਂ ਉਸ ਸਮੇਂ ਪੀੜਤਾਂ ਵੱਲੋਂ ਤਰਨਤਾਰਨ ਜ਼ਿਲ੍ਹੇ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਵਿਚ ਆਮ ਪਾਰਟੀ ਦੇ ਲੀਡਰਸ਼ਿਪ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਸੀ ਤੇ ਲੋਕਾਂ ਦੇ ਨਾਲ ਮਿਲ ਕੇ ਸਰਕਾਰ ਦਾ ਵਿਰੋਧ ਕੀਤਾ ਗਿਆ ਸੀ।
ਕਿਹੜੇ ਮੰਤਰੀਆਂ ਖਿਲਾਫ ਚੱਲ ਰਿਹਾ ਕੇਸ : ਇਸ ਧਰਨੇ ਦੌਰਾਨ ਉਸ ਸਮੇਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਕੈਬਨਿਟ ਮੰਤਰੀ ਗੁਰਮੀਤ ਹੇਅਰ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਤਰਨਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਆਪ ਪਾਰਟੀ ਦੇ ਆਗੂਆਂ ਖਿਲਾਫ ਤਰਨਤਾਰਨ ਥਾਣਾ ਸਦਰ ਪੁਲਸ ਵੱਲੋ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਕੇਸ ਦੇ ਸਬੰਧ ਵਿਚ ਅੱਜ ਸਮੁੱਚੇ ਆਪ ਆਗੂ ਤਰਨਤਾਰਨ ਦੀ ਅਦਾਲਤ ਵਿਚ ਪੇਸ਼ ਹੋਏ।
ਇਹ ਵੀ ਪੜ੍ਹੋ : Punjab government: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਨਵੇਂ ਕਲਾਸ ਰੂਮ ਬਣਾਉਣ ਲਈ ਕਰੋੜਾਂ ਰੁਪਏ ਮਨਜ਼ੂਰ
16 ਮਾਰਚ ਨੂੰ ਮੁੜ ਹੋਣਾ ਪਵੇਗਾ ਪੇਸ਼ : ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਸਮੇਂ ਤਰਨਤਾਰਨ ਤੇ ਇਸ ਦੇ ਲਾਗਲੇ ਪਿੰਡਾਂ ਦੇ ਸੈਂਕੜੇ ਲੋਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਆਪਣੀ ਜਾਨ ਗੁਆ ਬੈਠੇ ਸਨ, ਇਸ ਦੇ ਰੋਸ ਵਜੋਂ ਸਾਡੀ ਲੀਡਰਸ਼ਿਪ ਦੇ ਆਗੂਆਂ ਵੱਲੋਂ ਪੀੜਤ ਲੋਕਾਂ ਦੇ ਹੱਕ ਵਿਚ ਧਰਨਾ ਦਿੱਤਾ ਗਿਆ ਸੀ। ਉਸ ਸਮੇਂ ਸਰਕਾਰ ਵੱਲੋਂ ਸਾਡੇ ਉਤੇ ਪਰਚੇ ਵੀ ਕਰਵਾਏ ਗਏ ਪਰ ਅਸੀਂ ਪੀੜਤਾਂ ਦੇ ਨਾਲ ਖੜ੍ਹੇ ਰਹੇ ਸੀ। ਇਸ ਕੇਸ ਨੂੰ ਲੈ ਕੇ ਜੱਜ ਸਾਹਿਬਾਨ ਵੱਲੋਂ ਜਦੋਂ-ਜਦੋਂ ਵੀ ਸਾਨੂੰ ਪੇਸ਼ ਹੋਣ ਲਈ ਕਿਹਾ ਜਾਂਦਾ ਹੈ ਤਾਂ ਅਸੀਂ ਪੇਸ਼ ਹੁੰਨੇ ਹਾਂ। ਜੱਜ ਸਾਹਿਬਾਨ ਵੱਲੋਂ ਹੁਣ 16 ਮਾਰਚ 2023 ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।
ਪੀੜਤਾਂ ਨੂੰ ਹਾਲੇ ਤਕ ਨਹੀਂ ਮਿਲਿਆ ਮੁਆਵਜ਼ਾ : ਇਸ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਸ਼ਰਾਬ ਨਾਲ ਮਰੇ ਲੋਕਾਂ ਦੇ ਵਾਰਸਾਂ ਨੂੰ ਹਾਲੇ ਤਕ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਤਾਂ ਇਸ ਉਤੇ ਕੁਲਤਾਰ ਸੰਧਵਾਂ ਵੱਲੋਂ ਕਿਹਾ ਗਿਆ ਕਿ ਇਸ ਸਬੰਧੀ ਸਬੰਧਿਤ ਮਹਿਕਮੇ ਦੇ ਮੰਤਰੀ ਸਪੱਸ਼ਟੀਕਰਨ ਦੇ ਸਕਦੇ ਹਨ।