ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਬਾਸਰਕੇ ਨਿਵਾਸੀ ਚਮਕੌਰ ਸਿੰਘ (26) ਪੁੱਤਰ ਸਵਰਨ ਸਿੰਘ, ਜੋ ਜੰਮੂ ਵਿਖੇ ਫੌਜ ਵਿੱਚ ਤੈਨਾਤ ਸੀ, ਜਿਸ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਫੌਜ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਆਏ ਸਵੇਰੇ ਫੋਨ ਕਾਲ ਰਾਹੀਂ ਚਮਕੌਰ ਦੀ ਮੌਤ ਹੋਣ ਸਬੰਧੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਘਰ ਵਿੱਚ ਅਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਸ਼ਹੀਦ ਚਮਕੌਰ ਸਿੰਘ ਦੇ ਚਾਚਾ ਜੋਬਨ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਚਮਕੌਰ ਘਰ ਦੇ ਹਾਲਾਤ ਨੂੰ ਸੁਧਾਰਨ ਲਈ ਫ਼ੌਜ ਵਿੱਚ ਭਰਤੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾਂ ਲਵਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ। ਜੋਬਨ ਸਿੰਘ ਨੇ ਦੱਸਿਆ ਕਿ ਚਮਕੌਰ ਸਿੰਘ ਦੀ ਮੌਤ ਸਬੰਧੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸਥਿਤੀ ਸਾਫ਼ ਤੌਰ 'ਤੇ ਸਪੱਸ਼ਟ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਮਾਪਿਆਂ ਦਾ ਇਕੱਲਾ ਪੁੱਤਰ ਸੀ ਜੋ ਆਪਣੇ ਪਿੱਛੇ ਇੱਕ ਭੈਣ, ਪਿਤਾ ਸਵਰਨ ਸਿੰਘ, ਮਾਤਾ ਰਣਜੀਤ ਕੌਰ ਅਤੇ ਪਤਨੀ ਨੂੰ ਛੱਡ ਗਿਆ ਹੈ।
ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਦੀ ਮ੍ਰਿਤਕ ਦੇਹ ਨੂੰ ਫ਼ੌਜ ਦੀ ਟੁਕੜੀ ਵੱਲੋਂ ਪਿੰਡ ਬਾਸਰਕੇ ਲਿਆਂਦਾ ਗਿਆ ਜਿਸ ਤੋਂ ਬਾਅਦ ਸਾਰੇ ਹੀ ਪਿੰਡ ਵਿਚ ਮਾਤਮ ਦਾ ਮਾਹੌਲ ਸੀ ਅਤੇ ਚਮਕੌਰ ਸਿੰਘ ਨੂੰ ਉਸ ਦੇ ਪਰਿਵਾਰ ਵੱਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਓਧਰ ਮੌਕੇ ’ਤੇ ਪਹੁੰਚੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਐੱਸ ਡੀ ਐੱਮ ਰਾਜੇਸ਼ ਸ਼ਰਮਾ ਪੱਟੀ ਵੀ ਪਹੁੰਚੇ ਹੋਏ ਸਨ ਜਿੰਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਜੋ ਵੀ ਸਰਕਾਰ ਨਿਯਮਾਂ ਮੁਤਾਬਕ ਬਣਦੀ ਸਹੂਲਤ ਅਤੇ ਮੁਆਵਜ਼ਾ ਹੈ ਉਹ ਜਲਦ ਹੀ ਪਰਿਵਾਰ ਨੂੰ ਦੇ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਰਾਜਾ ਵੜਿੰਗ ਵਲੋਂ ਬਲਾਕ ਪ੍ਰਧਾਨ ਨਿਯੁਕਤ