ਤਰਨਤਾਰਨ: ਪਿੰਡ ਕਰਮੂਵਾਲਾ ਵਿਖੇ ਅਕਾਲੀ ਸਮਰਥਕ ਦਰਜਨ ਦੇ ਕਰੀਬ ਦਲਿਤ ਪਰਿਵਾਰਾਂ ਨਾਲ ਪਿੰਡ ਦੇ ਕਾਂਗਰਸੀ ਸਰਪੰਚ ਅਤੇ ਪੰਚਾਇਤ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਗਰਸੀ ਸਰਪੰਚ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਇਨ੍ਹਾਂ ਪਰਿਵਾਰਾਂ ਵੱਲੋਂ ਐਸਸੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ, ਜਿਸ 'ਤੇ ਅੱਜ ਐਸ.ਸੀ. ਕਮਿਸ਼ਨ ਮੈਂਬਰ ਰਾਜ ਕੁਮਾਰ ਹੰਸ ਨੇ ਮੌਕੇ ਦਾ ਮੁਆਇਨਾ ਕਰਦੇ ਹੋਏ ਮਾਮਲੇ ਦੀ ਜਾਂਚ ਐਸ.ਡੀ.ਐਮ ਨੂੰ ਸੌਂਪਦਿਆਂ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਮਾਮਲੇ ਸਬੰਧੀ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਅਕਾਲੀ ਦਲ ਨੂੰ ਸ਼ੁਰੂ ਤੋਂ ਵੋਟਾਂ ਪਾ ਰਹੇ ਹਨ, ਜਿਸ ਦੀ ਰੰਜਿਸ਼ ਕਾਰਨ ਹੀ ਪਿੰਡ ਦੇ ਕਾਂਗਰਸੀ ਸਰਪੰਚ ਨੇ ਉਨ੍ਹਾਂ ਦੇ ਘਰਾਂ ਬਾਹਰ ਗਲੀ ਵਿੱਚ 6-6 ਫੁੱਟ ਉੱਚੀ ਮਿੱਟੀ ਪਾ ਦਿੱਤੀ ਹੈ ਅਤੇ ਘਰਾਂ ਦੀ ਨਿਕਾਸੀ ਬੰਦ ਕਰ ਦਿੱਤੀ। ਇਸ ਦੇ ਨਾਲ ਹੀ ਸਰਪੰਚ ਨੇ ਘਰਾਂ ਦੇ ਬਾਹਰ ਬਣੀਆਂ ਪਸ਼ੂਆਂ ਦੇ ਚਾਰੇ ਵਾਲੀ ਖੁਰਲੀਆਂ ਤੋੜ ਦਿੱਤੀਆਂ ਅਤੇ ਘਰਾਂ ਦੇ ਬਾਹਰ ਲੱਗੇ ਰੁੱਖ ਜਬਰੀ ਵੱਢ ਦਿੱਤੇ ਗਏ।
ਪੀੜਤਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਸਰਪੰਚ ਅਤੇ ਉਸ ਦੇ ਹਮਾਇਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਘਰਾਂ 'ਤੇ ਇੱਟੇ ਰੋੜੇ ਚਲਾਏ ਗਏ, ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ।
ਉਨ੍ਹਾਂ ਦੱਸਿਆ ਕਿ ਧੱਕੇਸ਼ਾਹੀ ਵਿਰੁੱਧ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ 'ਤੇ ਉਨ੍ਹਾਂ ਨੇ ਮਾਮਲਾ ਐਸਸੀ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਅਤੇ ਇਨਸਾਫ਼ ਦੀ ਮੰਗ ਕੀਤੀ।
ਸ਼ਨੀਵਾਰ ਨੂੰ ਐਸ.ਸੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਮੌਕੇ 'ਤੇ ਪੁੱਜ ਕੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਇਲਾਕੇ ਦੇ ਪੁਲਿਸ ਅਧਿਕਾਰੀਆਂ ਅਤੇ ਪੰਚਾਇਤ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ। ਅਧਿਕਾਰੀਆਂ ਵੱਲੋ ਕੋਈ ਸਪਸ਼ਟ ਜਵਾਬ ਨਾ ਦੇਣ ਤੇ ਕਮਿਸ਼ਨ ਦੇ ਮੈਬਰ ਵੱਲੋ ਮਾਮਲੇ ਦੀ ਜਾਂਚ ਐਸ.ਡੀ.ਐਮ ਨੂੰ ਸੋਂਪਦਿਆਂ ਦੋਸ਼ੀ ਖਿਲਾਫ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ।
ਐਸਸੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਕਿਹਾ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਐਸਡੀਐਮ ਤਰਨਤਾਰਨ ਨੂੰ ਸੋਂਪ ਦਿੱਤੀ ਗਈ ਹੈ। ਐਸ.ਡੀ.ਐਮ ਦੀ ਰਿਪੋਰਟ ਵਿੱਚ ਜੋ ਵੀ ਕੋਈ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।