ਤਰਨਤਾਰਨ: ਜ਼ਿਲ੍ਹੇ ਦੇ ਪੌਸ਼ ਇਲਾਕੇ ਗੋਲਡ ਇਨਕਲੇਵ ’ਚ ਰਹਿੰਦੇ ਸਾਬਕਾ ਕੌਂਸਲਰ ਅਤੇ ਤਰਨਤਾਰਨ ਦੀ ਪ੍ਰਸਿੱਧ ਸ਼ਖ਼ਸੀਅਤ ਸਵਿੰਦਰ ਸਿੰਘ ਅਰੋੜਾ ਦੇ ਘਰ ਅੱਧਾ ਦਰਜਨ ਹਥਿਆਰਬੰਦ ਲੁਟੇਰੇ ਦਾਖਲ ਹੋਏ ਅਤੇ ਲੁੱਟ-ਖੋਹ ਕਰਨ ਲੱਗੇ। ਜਦਕਿ, ਸਾਬਕਾ ਕੌਂਸਲਰ ਦੀ ਨੂੰਹ ਨੇ ਇਸੇ ਦੌਰਾਨ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਕੇ ਪਤੀ ਨੂੰ ਫੋਨ ਕਰ ਦਿੱਤਾ ਅਤੇ ਉਸ ਦੇ ਮੌਕੇ ’ਤੇ ਪਹੁੰਚ ਜਾਣ ਤੋਂ ਬਾਅਦ ਲੁਟੇਰੇ ਅੰਨ੍ਹੇਵਾਹ ਗੋਲ਼ੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ। ਹਾਲਾਂਕਿ, ਇਸ ਦੌਰਾਨ ਲੁਟੇਰੇ ਦੋ ਪਰਸ ਤੇ ਇਕ ਮੋਬਾਈਲ ਫੋਨ ਲੁੱਟ ਕੇ ਲੈ ਗਏ।
ਪਿਸਤੌਲ ਦੀ ਨੋਕ ਉੱਤੇ ਲੁੱਟ: ਸਾਬਕਾ ਕੌਂਸਲਰ ਸਵਿੰਦਰ ਸਿੰਘ ਅਰੋੜਾ ਦੇ ਪੁੱਤਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੋਲਡਨ ਇਨਕਲੇਵ ’ਚ ਸਥਿਤ ਰਿਹਾਇਸ਼ ’ਤੇ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ 6 ਨਕਾਬਪੋਸ਼ਾਂ ’ਚੋਂ 4 ਘਰ ਦੇ ਅੰਦਰ ਚਲੇ ਗਏ, ਜਿੱਥੇ ਉਨ੍ਹਾਂ ਨੇ ਉਸ ਦੀ ਮਾਤਾ ਦਵਿੰਦਰ ਕੌਰ (67) ਨੂੰ ਪਿਸਤੌਲ ਦੀ ਨੋਕ ’ਤੇ ਬੰਧਕ ਬਣਾ ਲਿਆ ਅਤੇ ਘਰ ਦੇ ਇਕ ਕਮਰੇ ਦੀ ਅਲਮਾਰੀ ਵਿੱਚ ਫਰੋਲਾ-ਫਰਾਲੀ ਕਰਨ ਲੱਗ ਪਏ। ਲੁਟੇਰਿਆਂ ਨੂੰ ਘਰ ਵਿਚ ਹੋਰ ਲੋਕਾਂ ਦੀ ਹੋਣ ਦੀ ਭਿਣਕ ਲੱਗਦਿਆਂ ਹੀ ਉਨ੍ਹਾਂ ਨੇ ਉਸ ਦੀ ਮਾਤਾ ਦੀ ਕੰਨਪਟੀ ’ਤੇ ਪਿਸਤੌਲ ਤਾਣ ਕੇ ਕਮਰੇ ਦਾ ਦਰਵਾਜ਼ਾ ਖੁੱਲ੍ਹਵਾਇਆ ਤੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਵੀ ਪਿਸਤੌਲ ਦੀ ਨੋਕ ’ਤੇ ਰੱਖਿਆ। ਉਨ੍ਹਾਂ ਦੱਸਿਆ ਕਿ ਜਦੋਂ ਪਤਨੀ ਕਮਰੇ ਅੰਦਰ ਬੰਦ ਸੀ ਤਾਂ ਉਸ ਨੇ ਫੋਨ ਕਰਕੇ ਸਾਨੂੰ ਇਹ ਸੂਚਨਾ ਦਿੱਤੀ ਕਿ ਘਰ ਅੰਦਰ ਕੁੱਝ ਬਦਮਾਸ਼ ਦਾਖਲ ਹੋਏ ਹਨ।
ਲੁਟੇਰਿਆਂ ਵਲੋਂ ਫਾਇਰਿੰਗ: ਇਸੇ ਦੌਰਾਨ ਉਹ ਆਪਣੇ ਘਰ ਪਹੁੰਚ ਗਿਆ ਤੇ ਬਾਹਰ ਖੜੇ ਦੋ ਨਕਾਬਪੋਸ਼ਾਂ ’ਚੋਂ ਉਸ ਨੇ ਇਕ ਨੂੰ ਕਾਬੂ ਕਰ ਲਿਆ ਅਤੇ ਦੂਜਾ ਮੋਟਰ ਸਾਈਕਲ ਸਣੇ ਫ਼ਰਾਰ ਹੋ ਗਿਆ। ਉਹ ਉਸ ਨੂੰ ਘਰ ਦੇ ਅੰਦਰ ਲੈ ਕੇ ਜਾ ਰਿਹਾ ਸੀ ਕਿ ਅੰਦਰ ਵਾਲੇ ਚਾਰੇ ਲੁਟੇਰੇ ਵੀ ਬਾਹਰ ਆ ਗਏ ਅਤੇ ਅੰਨ੍ਹੇਵਾਹ ਗੋਲ਼ੀਆਂ ਉਸ ਦੇ ਪੈਰਾਂ ਵਿੱਚ ਚਲਾਉਂਦੇ ਹੋਏ ਆਪਣੇ ਕਾਬੂ ਕੀਤੇ ਸਾਥੀ ਨੂੰ ਛੁੱਡਵਾ ਕੇ ਫ਼ਰਾਰ ਹੋ ਗਏ। ਲੁਟੇਰਿਆਂ ਦੇ ਗਲੀ ਵਿੱਚ ਦਾਖਲ ਹੋਣ ਅਤੇ ਭੱਜਣ ਦੀ ਵੀਡੀਓ ਆਸ ਪਾਸ ਦੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਲੁਟੇਰੇ ਜਾਣ ਲੱਗੇ ਇੱਕ ਮਹਿਲਾ ਪਰਸ, ਇਕ ਹੋਰ ਪਰਸ ਅਤੇ 2 ਮੋਬਾਈਲ ਆਪਣੇ ਨਾਲ ਲੈ ਗਏ।
ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ: ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚੀ ਜਾ ਰਹੀ ਹੈ ਅਤੇ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿੰਨੇ ਰਾਉਡ ਫਾਇਰ ਹੋਏ ਹਨ, ਇਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ।