ਤਰਨ ਤਾਰਨ: ਸਰਹੱਦੀ ਪਿੰਡ ਡੱਲ ਦੇ ਲੋੜਵੰਦ ਪਰਿਵਾਰਾਂ ਦੇ 70 ਦੇ ਕਰੀਬ ਕਾਰਡ ਕੱਟ ਦਿੱਤੇ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਇਸ ਵਾਰ ਕਣਕ ਦਾ ਕੋਟਾ ਨਹੀਂ ਮਿਲਿਆ। ਉਨ੍ਹਾਂ ਕਿਹਾ ਅਸੀਂ ਤਾਂ ਪਹਿਲਾਂ ਹੀ ਕੋਰੋਨਾ ਦੀ ਮਾਰ ਝੱਲ ਰਹੇ ਹਾਂ। ਸਰਹੱਦੀ ਪਿੰਡ ਹੋਣ ਕਰਕੇ ਸਾਡੇ ਸਾਰੇ ਕੰਮ ਠੱਪ ਹਨ।
ਹੁਣ ਸਰਕਾਰ ਅਤੇ ਫ਼ੂਡ ਸਪਲਾਈ ਵਿਭਾਗ ਨੇ ਸਾਡੇ ਤੋਂ ਪਤਾ ਨਹੀਂ ਕੀ ਬਦਲਾ ਲਿਆ ਤੇ ਸਾਡੇ ਕਾਰਡ ਕੱਟ ਦਿੱਤੇ ਹਨ, ਸਾਡੇ ਬੱਚੇ ਭੁੱਖੇ ਮਰ ਰਹੇ ਹਨ ਪਰ ਸਰਕਾਰ ਨੇ ਸਾਡੀ ਸਾਰ ਨਹੀਂ ਲਈ। ਉਨ੍ਹਾਂਂ ਕਿਹਾ ਕਿ ਜਦੋਂ ਵੋਟਾਂ ਲੈਣ ਆਏ ਫਿਰ ਇਨ੍ਹਾਂ ਨੂੰ ਕੱਟੇ ਕਾਰਡਾਂ ਦਾ ਚੇਤਾ ਕਰਵਾ ਕਿ ਵਾਪਿਸ ਭੇਜਿਆ ਜਾਵੇਗਾ।
ਇਸ ਮੌਕੇ ਵੱਖ ਵੱਖ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਕਣਕ ਮਿਲਦੀ ਸੀ ਪਰ ਹੁਣ ਜਿਹੜੇ ਕੋਟੇ ਆਏ ਹਨ ਉਨ੍ਹਾਂ ਵਿੱਚ ਉਨ੍ਹਾਂ ਦੇ ਨਾਂਅ ਮਸ਼ੀਨ ਚੋਂ ਗਾਇਬ ਹਨ। ਇਸ ਮੌਕੇ ਉਨ੍ਹਾਂ ਸਰਕਾਰ ਪਾਸ ਬੇਨਤੀ ਕੀਤੀ ਕਿ ਸਾਡੇ ਕੱਟੇ ਕਾਰਡ ਦੁਬਾਰਾ ਤੋਂ ਚਾਲੂ ਕਰਕੇ ਸਾਨੂੰ ਬਣਦਾ ਹੱਕ ਦਿੱਤਾ ਜਾਵੇ ।
ਇਸ ਮੌਕੇ ਜਦੋਂ ਇੰਸਪੈਕਟਰ ਚੰਦਨ ਚੋਪੜਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ HB ਜੋ ਕਾਰਡ ਹਨ ਇਹ ਵੈਰੀਫਾਈਡ ਹੋਣੇ ਹਨ, ਵੈਰੀਫਾਈ ਹੋਣ ਤੋਂ ਬਾਅਦ ਇਨ੍ਹਾਂ ਨੂੰ ਰਾਸ਼ਨ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਣਕ ਦਾ ਕੋਟਾ ਘੱਟ ਆ ਰਿਹਾ ਹੈ ਜਿਸ ਕਰਕੇ ਇਹ ਪਰੇਸ਼ਾਨੀ ਆ ਰਹੀ ਹੈ। ਜਦੋਂ ਵੀ ਉਨ੍ਹਾਂ ਦੇ ਇਹ ਕਾਰਡ ਅਪਰੂਵ ਹੋ ਗਏ ਉਸ ਸਮੇਂ ਸਾਰਿਆਂ ਦੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ ਅਤੇ ਇਨ੍ਹਾਂ ਨੂੰ ਸਰਕਾਰੀ ਕਣਕ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।