ਤਰਨ ਤਾਰਨ: ਪਿੰਡ ਪੰਜਵੜ ਦੇ ਤਿੰਨ ਬੱਚਿਆਂ ਨੇ ਤੀਰਅੰਦਾਜ਼ੀ ਦੇ ਅੰਡਰ 14 ਮੁਕਾਬਲਿਆਂ 'ਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ। ਆਗਰਾ 'ਚ ਕਰਵਾਏ ਨੈਸ਼ਨਲ ਲੈਵਲ ਮੁਕਾਬਲੇ 'ਚ 15 ਸਟੇਟਾਂ ਦੀਆ ਟੀਮਾਂ ਨੇ ਭਾਗ ਲਿਆ। ਪੰਜਾਬ ਦੀ ਟੀਮ ਨੇ ਇਸ 'ਚ ਕਾਂਸੇ ਦਾ ਤਮਗ਼ਾ ਹਾਸਲ ਕੀਤਾ ਹੈ। ਇਨ੍ਹਾਂ ਬੱਚਿਆਂ ਦੇ ਪਿੰਡ ਪੁੱਜਣ 'ਤੇ ਪਰਿਵਾਰ ਤੇ ਸਥਾਨਕ ਵਾਸੀਆਂ ਵਲੋ ਨਿੱਘਾ ਸੁਆਗਤ ਕੀਤਾ ਗਿਆ।
ਇਸ ਮੌਕੇ ਬੱਚਿਆਂ ਨੇ ਗੁਰੂ ਘਰ ਜਾ ਕੇ ਸ਼ੁਕਰਾਨਾ ਵੀ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਖਿਡਾਰੀ ਨਿਹਾਲ ਸਿੰਘ, ਸਾਹਿਬਵੀਰ ਸਿੰਘ ਅਤੇ ਗੁਰਲੀਨ ਸਿੰਘ ਨੇ ਕਾਂਸੇ ਦਾ ਤਮਗ਼ਾ ਪੰਜਾਬ ਦੀ ਝੋਲੀ ਪਾ ਕੇ ਸੂਬੇ ਦਾ ਮਾਣ ਵਧਾਇਆ ਹੈ।
ਇਸ ਮੌਕੇ ਗੱਲ ਕਰਦੇ ਹੋਏ ਨਿਹਾਲ ਸਿੰਘ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਸਿੰਗਾਪੋਰ, ਜਾਰਜੀਆ, ਅਰਮੀਨੀਆ ਆਦਿ ਦੇਸ਼ਾਂ ਵਿਚ ਵੀ ਖੇਡ ਚੁੱਕੇ ਹਨ ਅਤੇ ਅੱਗੇ ਓਲੰਪਿਕ 'ਚ ਜਾਣ ਦੀ ਇੱਛਾ ਰੱਖਦੇ ਹਨ।
ਇਸ ਮੌਕੇ ਬੱਚਿਆਂ ਦੇ ਪਿਤਾ ਗੁਰਜਿੰਦਰ ਸਿੰਘ ਅਤੇ ਅਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ 'ਤੇ ਮਾਣ ਹੈ ਅਤੇ ਹੁਣ ਉਹ ਇਨ੍ਹਾਂ ਨੂੰ ਓਲੰਪਿਕ ਮੁਕਾਬਲੇ ਲਈ ਤਿਆਰ ਕਰਣਗੇ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਲਈ ਹੈ ਬਦਕਿਸਮਤੀ ਵਾਲੀ ਗੱਲ ਹੈ, ਅੱਜ ਬੱਚਿਆਂ ਦੇ ਸੁਆਗਤ ਲਈ ਕੋਈ ਪ੍ਰਸ਼ਾਸਨ ਜਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪੁੱਜਾ। ਜੇਕਰ ਸਰਕਾਰ ਹੋਣਹਾਰ ਬੱਚਿਆਂ ਨੂੰ ਉਤਸ਼ਾਹਿਤ ਕਰੇ ਤਾਂ ਹੋਰ ਕਈ ਬੱਚੇ ਖੇਡਾਂ ਨਾਲ ਜੁੜ ਸਕਦੇ ਹਨ।
ਇਸ ਮੌਕੇ ਮੈਡਲ ਜਿੱਤਣ ਵਾਲੇ ਬੱਚਿਆਂ ਦੀ ਭੈਣ ਗੁਰਜੀਵਨ ਕੌਰ ਨੇ ਕਿਹਾ ਕਿ ਉਹ ਵੀ ਇਕ ਖਿਡਾਰਨ ਹੈ ਅਤੇ ਉਹ ਖੇਡਾਂ ਵਿਚ ਵਧੀਆ ਮੁਕਾਮ ਹਾਸਿਲ ਕਰ ਐੱਸਐੱਸਪੀ ਬਣਨਾ ਚਾਹੁੰਦੀ ਹੈ ਅਤੇ ਅੱਜ ਜੋ ਉਸਦੇ ਭਾਰਾਵਾਂ ਨੇ ਮੈਡਲ ਜਿੱਤਿਆ ਹੈ ਉਸ ਲਈ ਉਸਨੂੰ ਇਨ੍ਹਾਂ 'ਤੇ ਮਾਣ ਹੈ।