ਤਰਨਤਾਰਨ/ਭਿੱਖੀਵਿੰਡ : ਘਰ 'ਚ ਵੜ ਕੇ ਕਤਲ ਕੀਤੇ ਗਏ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀ ਅਤੇ 5 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਪੀੜਤ ਪਰਿਵਾਰ ਨਾਲ ਅਫਸੋਸ ਕਰਨ ਪਹੁੰਚੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਮਪੀ ਜਸਬੀਰ ਸਿੰਘ ਡਿੰਪਾ ਨੇ ਦਿੱਤੀ ਹੈ।
ਦੱਸਣਯੋਗ ਹੈ ਕਿ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
ਸਾਂਸਦ ਡਿੰਪਾ ਨੇ ਅਫਸੋਸ ਜਾਹਰ ਕਰਦਿਆਂ ਕਿਹਾ ਕਿ ਕਾਮਰੇਡ ਬਲਵਿੰਦਰ ਸਿੰਘ ਨਾਲ ਉਨ੍ਹਾਂ ਦਾ ਨਿੱਜੀ ਪ੍ਰੇਮ ਸੀ, ਕਿਉਂਕਿ ਸਾਡਾ ਪਰਿਵਾਰ ਵੀ ਅੱਤਵਾਦ ਪੀੜਤ ਰਿਹਾ ਹੈ ਸਾਨੂੰ ਪਤਾ ਹੈ ਕਿ ਕਾਲੇ ਦੌਰ ਸਮੇਂ ਪਰਿਵਾਰਾਂ ਨੂੰ ਕਿੰਨਾ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਣਕਾਰੀ ਦਿੰਦਿਆਂ ਡਿੰਪਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਵੱਲੋ ਸਿੱਟ ਦਾ ਗਠਨ ਕੀਤਾ ਗਿਆ ਹੈ ਅਤੇ 10 ਦਿਨਾਂ ਅੰਦਰ ਕਾਰਵਾਈ ਪੂਰੀ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ।
ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ
ਦੂਜੇ ਪਾਸੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਕਾਮਰੇਡ ਬਲਵਿੰਦਰ ਸਿੰਘ ਦੇ ਪਰਿਵਾਰ ਦੀ ਸਕਿਓਰਟੀ ਵਾਪਸ ਲੈਣ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਤੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਵੀ ਲਿਖੀ ਹੈ ਅਤੇ ਕਿਹਾ ਹੈ ਕਿ ਕਾਮਰੇਡ ਬਲਵਿੰਦਰ ਨੂੰ ਸ਼ੋਰਿਆ ਚੱਕਰ ਕੇਂਦਰ ਵੱਲੋਂ ਦਿੱਤਾ ਗਿਆ ਸੀ ਇਸ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਰੱਖਿਆ ਕਰਨ ਦਾ ਫਰਜ਼ ਸੂਬਾ ਸਰਕਾਰ ਦੇ ਬਰਾਬਰ ਹੀ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਦੇ ਦੋਸ਼ੀ ਸਕਿਓਰਟੀ ਲਈ ਫਿਰਦੇ ਹਨ ਪਰ ਅਵਾਰਡੀ ਕਾਮਰੇਡ ਬਲਵਿੰਦਰ ਸਿੰਘ ਦੀ ਸਕਿਓਰਟੀ ਵਾਪਸ ਲੈ ਲੀ ਜਾਂਦੀ ਹੈ। ਉਨ੍ਹਾਂ ਰਾਸ਼ਟਰਪਤੀ ਨੂੰ ਚਿੱਠੀ ਲਿਖ ਬਲਵਿੰਦਰ ਸਿੰਘ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜ੍ਹੇ ਜਾਣ ਅਤੇ ਉਨ੍ਹਾਂ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਨੇ ਰਿਪੋਰਟ ਬਣਾ ਸਕਿਓਰਟੀ ਵਾਪਸ ਲਏ ਜਾਣ ਦਾ ਦਾਅਵਾ ਕੀਤਾ ਸੀ।