ਤਰਨਤਾਰਨ: ਬੀਤੇ ਦਿਨੀ ਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਸੀ। ਬੁੱਧਵਾਰ ਨੂੰ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਸਿਵਲ ਹਸਪਤਾਲ ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਮਾਮਲੇ ਵਿੱਚ ਗਲਤ ਕਾਰਵਾਈ ਕਰਨ ਦੇ ਦੋਸ਼ ਲਾਏ ਅਤੇ ਚੇਤਾਵਨੀ ਦਿੱਤੀ ਕਿ ਜੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਟੱਕਰ ਦੌਰਾਨ ਝਬਾਲ ਰੋਡ 'ਤੇ ਵਾਪਰੇ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਅੰਗਰੇਜ਼ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਉਸ ਦਾ ਮੁੰਡਾ ਜ਼ਖ਼ਮੀ ਹੋ ਗਿਆ ਸੀ। ਮਾਮਲੇ ਵਿੱਚ ਅੰਗਰੇਜ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਗਲਤ ਕਾਰਵਾਈ ਕਰਦੇ ਹੋਏ ਪਰਚਾ ਕੱਟਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਜ਼ਖ਼ਮੀ ਮੁੰਡੇ ਅਜੈਪਾਲ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਗਈ ਹੈ ਉਹ ਅੰਗਰੇਜ਼ ਸਿੰਘ ਦੀ ਲਾਸ਼ ਵਾਰਸਾਂ ਨੂੰ ਦੇਣ ਲਈ ਲਏ ਸਨ ਪਰ ਪੁਲਿਸ ਨੇ ਆਪਣੇ ਆਧਾਰ 'ਤੇ ਹੀ ਪਰਚਾ ਕੱਟ ਦਿੱਤਾ।
ਉਨ੍ਹਾਂ ਮੰਗ ਕੀਤੀ ਕਿ ਜੇਕਰ ਪਰਚਾ ਕੱਟਣਾ ਹੈ ਤਾਂ ਦੁਬਾਰਾ ਬਿਆਨ ਲੈ ਕੇ ਕੱਟਿਆ ਜਾਵੇ ਅਤੇ ਕੰਬਾਈਨ ਚਾਲਕ ਵਿਰੁੱਧ ਕੇਸ ਦਰਜ ਕੀਤਾ ਜਾਵੇ। ਪਿੰਡ ਵਾਸੀਆਂ ਨੇ ਇਹ ਵੀ ਮੰਗ ਕੀਤੀ ਅੰਗਰੇਜ਼ ਸਿੰਘ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਅਤੇ ਪਰਿਵਾਰ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਾ ਹੋਣ ਕਰ ਕੇ ਸਰਕਾਰ ਉਨ੍ਹਾਂ ਦੀ ਮਦਦ ਕਰੇ।
ਉੱਧਰ, ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਏਐਸਆਈ ਮਨਜਿੰਦਰ ਸਿੰਘ ਨੂੰ ਜਿਹੜੇ ਬਿਆਨ ਦਰਜ ਕਰਵਾਏ ਗਏ ਹਨ, ਉਨ੍ਹਾਂ ਦੇ ਆਧਾਰ 'ਤੇ ਹੀ ਪੁਲਿਸ ਨੇ ਕਾਰਵਾਈ ਕੀਤੀ ਹੈ, ਕਿਉਂਕਿ ਅਜੇ ਹਾਦਸੇ ਸਮੇਂ ਕੰਬਾਈਨ ਚਲਾਉਣ ਵਾਲੇ ਦਾ ਪਤਾ ਨਹੀਂ ਲੱਗਿਆ ਹੈ। ਇਸ ਲਈ ਜਾਂਚ ਜਾਰੀ ਹੈ ਅਤੇ ਚਾਲਕ ਦਾ ਪਤਾ ਲੱਗਣ 'ਤੇ ਕਥਿਤ ਦੋਸ਼ੀ ਵਿਰੁੱਧ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।