ਤਰਨ ਤਾਰਨ: ਮਲੇਸ਼ੀਆ 'ਚ ਹੋਈਆਂ ਏਸ਼ੀਅਨ ਪੈਸੇਫਿਕ ਮਾਸਟਰ ਖੇਡਾਂ ਵਿੱਚ ਇੱਕ ਸੋਨ ਤਗਮਾ, ਇਕ ਚਾਂਦੀ ਦਾ ਤਗਮਾ ਅਤੇ ਦੋ ਕਾਸੀ ਦੇ ਮੈਡਲ ਜਿੱਤਣ ਵਾਲੇ ਜੰਗਲਾਤ ਮਹਿਕਮਾ ਦੇ ਗਾਰਡ ਗੁਰਦੀਪ ਸਿੰਘ ਪੂਹਲਾ ਨੇ ਇੱਕ ਵਾਰ ਫਿਰ ਆਪਣੇ ਪਿੰਡ, ਪੰਜਾਬ ਅਤੇ ਆਪਣੇ ਮਹਿਕਮੇ ਦਾ ਨਾਮ ਰੌਸ਼ਨ ਕੀਤਾ ਹੈ।
ਗੁਰਦੀਪ ਸਿੰਘ ਪੂਹਲਾ ਨੇ ਗੁਜਰਾਤ ਦੇ ਸਹਿਰ ਵਡੋਦਰਾ 'ਚ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋ 16 ਤੋਂ 19 ਜੂਨ ਤੱਕ ਨੈਸ਼ਨਲ ਓਪਨ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਟਰਿਪਲ ਜੰਪ ਲਗਾਉਂਦਿਆਂ ਸੋਨ ਤਮਗਾ ਹਾਸਲ ਕੀਤਾ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਗੁਰਦੀਪ ਨੇ ਖੇਡਾਂ 'ਚ ਗੁਰੂ ਗੋਬਿੰਦ ਸਿੰਘ ਸਰਹਾਲੀ ਕਾਲਜ ਪੜ੍ਹਦਿਆਂ 1997 ਤੋਂ ਕਾਲਜ ਲੈਵਲ ਤੋਂ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫਿਰ ਖਾਲਸਾ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਤੇ ਫਿਰ ਵੱਖ-ਵੱਖ ਸੂਬਿਆਂ ਬੰਬੇ ,ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਗੋਵਾ, ਜੈਪੁਰ ਤੋਂ ਇਲਾਵਾ ਅਸਟ੍ਰੇਲੀਆ, ਮਲੇਸ਼ੀਆ ਆਦਿ ਵਿੱਚ ਹੋਈਆਂ ਚੈਪੀਅਨਸ਼ਿਪ ਵਿੱਚ ਵੀ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਨੇ ਆਪਣੀ ਮਿਹਨਤ ਸਦਕਾ ਹਰ ਵਾਰ ਇਕ ਤੋਂ ਦੋ ਮੈਡਲ ਹਾਸਲ ਕੀਤੇ ਹਨ। ਇਥੋਂ ਤੱਕ ਕਿ ਮਲੇਸ਼ੀਆ 'ਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਪੰਜ ਮੈਡਲ ਜਿੱਤ ਕੇ ਆਪਣੇ ਪਿੰਡ ਦਾ ਨਾਮ ਹੀ ਰੌਸ਼ਨ ਨਹੀ ਕੀਤਾ ਸਗੋਂ ਆਪਣੇ ਸੂਬੇ ਪੰਜਾਬ ਤੇ ਦੇਸ਼ ਦਾ ਨਾਮ ਵੀ ਉੱਚਾ ਕੀਤਾ ਹੈ।
ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਗੁਰਦੀਪ ਦੀ ਮਿਹਨਤ ਨਾਲ ਮਿਲ ਰਹੇ ਮੁਕਾਮ ਤੋਂ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਉਸ ਦੇ ਮਹਿਕਮੇ ਜੰਗਲਾਤ ਵਿਭਾਗ ਵੱਲੋਂ ਕੋਈ ਮਾਣ ਸਨਮਾਨ ਦਿੱਤਾ ਗਿਆ। ਇਥੋ ਤੱਕ ਕਿ ਕਈ ਵਾਰ ਤਾਂ ਗੁਰਦੀਪ ਸਿੰਘ ਵੱਲੋਂ ਆਪਣੇ ਖਰਚੇ 'ਤੇ ਹੀ ਖੇਡਾਂ ਵਿੱਚ ਭਾਗ ਲਿਆ ਗਿਆ ਤੇ ਮੈਡਲ ਜਿੱਤ ਕਿ ਆਪਣੇ ਮਹਿਕਮੇ ਦੀ ਝੋਲੀ ਪਾਏ ਗਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਗੁਰਦੀਪ ਸਿੰਘ ਅੰਮ੍ਰਿਤਧਾਰੀ ਗੁਰਸਿੱਖ ਹੋਣ ਦੇ ਨਾਤੇ ਵੀ ਕਿਸੇ ਸਿੱਖ ਸੰਸਥਾ ਵੱਲੋਂ ਉਸ ਦਾ ਮਾਣ ਸਨਮਾਨ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਸੰਗਰੂਰ ‘ਚ ਪਾਰਦਰਸ਼ੀ ਤੇ ਨਿਰਪੱਖ ਚੋਣ ਕਰਾਉਣ ਲਈ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧ: ਰਿਟਰਨਿੰਗ ਅਫ਼ਸਰ