ਤਰਨਤਾਰਨ: ਬੀਤੇ 2 ਮਹੀਨੇ ਪਹਿਲਾਂ ਪਿੰਡ ਮੱਦਰ ਮੱਥਰਾ ਭਾਗੀ ਵਿਖੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਤਲ ਕਰਨ ਵਾਲਾ ਸਾਰਾ ਪਰਿਵਾਰ ਫਰਾਰ ਹੋ ਗਿਆ ਸੀ।
ਹੁਣ ਉਸ ਪਰਿਵਾਰ ਵੱਲੋਂ ਆਪਣੇ ਬੰਦ ਪਏ ਘਰ ਵਿੱਚੋਂ ਸਮਾਨ ਚੋਰੀ ਕਰਨ, ਨਗਦ ਰਾਸ਼ੀ ਤੇ ਮੋਟਰਾਂ ਆਦਿ ਦੀ ਭੰਨਤੋੜ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 30/5/2020 ਨੂੰ ਸਵੇਰੇ 9 ਵਜੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਉਨ੍ਹਾਂ ਦਾ ਆਪਣੇ ਗੁਆਂਢੀ ਪਰਿਵਾਰ ਝਗੜਾ ਹੋਇਆ ਸੀ। ਇਸ ਵਿਚ ਵਿਰੋਧੀ ਧਿਰ ਦੇ ਇਕ ਵਿਅਕਤੀ ਜੁਗਿੰਦਰ ਸਿੰਘ ਦਾ ਕਤਲ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ ਦੇ ਘਰ ਦੇ ਵਿਆਕਤੀਆਂ ਉੱਤੇ 302 / 307 ਅਤੇ ਹੋਰ ਕਈ ਧਰਾਵਾਂ ਤਹਿਤ ਥਾਣਾ ਖਾਲੜਾ ਵਿਖੇ ਪਰਚਾ ਦਰਜ ਹੋ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਘਰੋਂ ਫਰਾਰ ਹੋਣਾ ਪੈ ਗਿਆ। ਉਸ ਸਮੇਂ ਉਹ ਆਪਣੀ ਧੀ ਦੇ ਵਿਆਹ ਲਈ ਦਾਜ ਦਾ ਕੀਮਤੀ ਸਮਾਨ, ਤਿੰਨ ਲੱਖ ਰੁਪਏ ਨਗਦ ਰਾਸ਼ੀ ਜਲਦੀ-ਜਲਦੀ ਵਿੱਚ ਹੀ ਘਰ ਭੁੱਲ ਗਏ। ਹੁਣ ਜਦੋਂ ਉਹ ਪੇਸ਼ ਹੋ ਗਏ ਹਨ ਤਾਂ ਘਰ ਉਹ ਘਰ ਵਾਪਸ ਆ ਗਏ।
ਉਨ੍ਹਾਂ ਘਰ ਆ ਕੇ ਦੇਖਿਆ ਹੈ ਤਾਂ ਸਾਰਾ ਕੀਮਤੀ ਸਮਾਨ ਜਿਸ ਵਿੱਚ ਦੋ ਤੋਲੇ ਸੋਨਾ, ਤਿੰਨ ਲੱਖ ਰੁਪਏ, 2 ਇਨਵਰਟਰ, 1 ਕੰਪਿਊਟਰ, ਐਲਸੀਡੀ, ਮਸ਼ੀਨ ਦੇ ਪੈਰ ਅਤੇ ਹੋਰ ਕੀਮਤੀ ਸਮਾਨ ਲੁੱਟਿਆ ਜਾ ਚੁਕਾ ਸੀ। ਉਨ੍ਹਾਂ ਕਿਹਾ ਕਿ ਘਰ ਦੀ ਵੀ ਭੰਨ ਤੋੜ ਕੀਤੀ ਜਾ ਚੁੱਕੀ ਹੈ।
ਪੀੜਤ ਪਰਿਵਾਰ ਨੇ ਥਾਣਾ ਖਾਲੜਾ ਵਿਖੇ ਦਰਖਾਸਤ ਦੇ ਕੇ ਦੋਸ਼ੀ ਵਿਅਕਤੀਆ ਦੀ ਭਾਲ ਕਰਕੇ ਉਨ੍ਹਾਂ ਵਿਰੁੱਧ ਪਰਚਾ ਦਰਜ ਕਰਨ ਅਤੇ ਆਪਣਾ ਕੀਮਤੀ ਸਮਾਨ ਵਾਪਿਸ ਲੈਣ ਦੀ ਮੰਗ ਕੀਤੀ ਹੈ।
ਉੱਧਰ ਜਦੋਂ ਇਸ ਸਬੰਧੀ ਦੂਜੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਉਨ੍ਹਾਂ ਦੇ ਘਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਜੇ ਕਿਸੇ ਨੂੰ ਸ਼ੱਕ ਹੈ ਤਾਂ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਦੇਖ ਸਕਦਾ ਹੈ। ਇਸ ਸਬੰਧੀ ਜਦੋਂ ਥਾਣਾ ਖਾਲੜਾ ਮੁਖੀ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ਸਬੰਧੀ ਸ਼ਿਕਾਇਤ ਆਈ ਹੈ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।