ਤਰਨਤਾਰਨ: ਜ਼ਿਲ੍ਹੇ ਦਾ ਪਿੰਡ ਕਾਜੀਵਾਲ ਖੁੱਲੇ ਵਿੱਚ ਪਾਖਾਨੇ ਜਾਣ ਵਾਲੇ ਲੋਕਾਂ ਲਈ ਮਿਸਾਲ ਬਣ ਕੇ ਉਭਰਿਆ ਹੈ। ਪਿੰਡ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਨਾਲ ਜੁੜਦਿਆਂ ਘਰਾਂ ਵਿੱਚ ਪਹਿਲ ਦੇ ਅਧਾਰ ਉੱਤੇ ਸਰਕਾਰ ਦੀ ਮਦਦ ਨਾਲ ਪਖਾਨੇ ਬਣਵਾਏ ਗਏ ਹਨ ਅਤੇ ਬਾਹਰ ਜਾਣ ਦੀ ਥਾਂ ਘਰਾਂ ਵਿੱਚ ਜੰਗਲ ਪਾਣੀ ਜਾਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਪਿੱਛੇ ਖਾਸ ਤੌਰ ਉੱਤੇ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਅਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਹੱਥ ਹੈ ਜਿਨ੍ਹਾਂ ਦੀ ਮਿਹਨਤ ਅਤੇ ਜਾਗਰੂਕਤਾ ਦੇ ਚੱਲਦਿਆਂ ਇਹ ਪਿੰਡ ਜ਼ਿਲ੍ਹੇ ਦਾ ਇੱਕ ਮਾਡਲ ਪਿੰਡ ਬਣ ਗਿਆ ਹੈ। ਇੰਨਾ ਹੀ ਨਹੀ ਇਸ ਪਿੰਡ ਦੇ ਲੋਕ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੀ ਅੱਗੇ ਆਏ ਹਨ।
ਪਿੰਡ ਦੇ ਲੋਕਾਂ ਵੱਲੋ ਆਪਣੇ ਘਰਾਂ ਵਿੱਚ ਉੰਨਾ ਹੀ ਪਾਣੀ ਵਰਤਿਆ ਜਾਂਦਾ ਹੈ ਜਿੰਨੀ ਲੋੜ ਹੈ ਜਿਸ ਦਾ ਨਤੀਜਾ ਇਹ ਹੈ ਕਿ ਪਿੰਡ ਦਾ ਉਵਰ ਫਲੋਅ ਰਹਿਣ ਵਾਲਾ ਛੱਪੜ ਵੀ ਸੁਕੱਣ ਲੱਗ ਪਿਆ ਹੈ ਲੋਕਾਂ ਦੀ ਜਾਗਰੂਕਤਾ ਨੂੰ ਦੇਖਦਿਆਂ ਹੁਣ ਸਰਕਾਰੀ ਟੈਂਕੀ ਤੋ ਲੋਕਾਂ ਨੂੰ 24 ਘੰਟੇ ਨਿਰਵਿਘਣ ਪਾਣੀ ਦੀ ਸਪਲਾਈ ਦਿੱਤੀ ਜਾਣ ਲੱਗੀ ਹੈ।
ਪਿੰਡ ਦੇ ਸਰਪੰਚ ਨੇ ਦੱਸਿਆਂ ਕਿ ਬੇਸ਼ਕ ਸਰਕਾਰ ਵੱਲੋ ਪਿੰਡ ਦੇ ਵਿਕਾਸ ਲਈ ਕੋਈ ਗ੍ਰਾਂਟ ਨਹੀ ਦਿੱਤੀ ਗਈ ਪਰ ਫਿਰ ਵੀ ਉਨ੍ਹਾਂ ਨੇ ਆਪਣੇ ਬੱਲਬੁਤੇ ਉੱਤੇ ਪਿੰਡ ਵਿੱਚ ਕੇਂਦਰ ਸਰਕਾਰ ਦੀ ਸਵੱਛ ਭਾਰਤ ਯੋਜਨਾ ਤਹਿਤ ਸਰਕਾਰੀ ਸਕੀਮ ਨੂੰ ਅਧਿਕਾਰੀਆਂ ਦੀ ਮਦਦ ਨਾਲ ਆਪਣੇ ਪਿੰਡ ਲਿਆ ਕੇ ਜਿਨ੍ਹਾਂ ਘਰਾਂ ਵਿੱਚ ਪਾਖਾਨੇ ਨਹੀ ਸੀ ਉਹ ਬਣਵਾਏ ਤੇ ਲੋਕਾਂ ਨੂੰ ਪਿੰਡ ਨੂੰ ਸਾਫ ਸੁਥਰਾ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਪ੍ਰੇਰਿਤ ਕਰਨ ਲਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਜਾਗਰੂਕ ਕੀਤਾ ਗਿਆ।
ਉੱਧਰ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੀ ਕੋਆਰਡੀਨੇਟਰ ਸਰਬਜੀਤ ਕੋਰ ਨੇ ਦੱਸਿਆਂ ਕਿ ਇਹ ਪਿੰਡ ਜਿਲ੍ਹੇ ਦਾ ਮਾਡਲ ਪਿੰਡ ਸਾਬਤ ਹੋਇਆ ਹੈ ਜਿਥੇ ਲੋਕਾਂ ਨੇ ਖੁੱਲੇ ਵਿੱਚ ਜੰਗਲ ਪਾਣੀ ਜਾਣਾ ਬੰਦ ਕਰ ਦਿੱਤਾ ਹੈ। ਇਸਦੇ ਨਾਲ ਹੀ ਪਾਣੀ ਬਚਾਉਣ ਲਈ ਵੀ ਲੋਕ ਜਾਗਰੂਕ ਹੋ ਕੇ ਅੱਗੇ ਆਏ ਹਨ।