ਤਰਨਤਾਰਨ: ਜਲੰਧਰ ਵਿੱਚ ਸਹਾਇਕ ਕਮਿਸ਼ਨਰ ਵਜੋਂ ਤਾਇਨਾਤ ਅਨੂਪ੍ਰੀਤ ਕੌਰ ਨੂੰ ਗਵਰਨਰ ਵੀ ਪੀ ਸਿੰਘ ਬਦਨੌਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। 1 ਕਰੋੜ 63 ਲੱਖ ਰੁਪਏ ਦੇ ਗਬਨ ਮਾਮਲੇ ਵਿਚ ਨਾਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕੀਤੀ ਗਿਆ।
ਦਰਅਸਲ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਪੱਟੀ ਦੇ ਐੱਸਡੀਐੱਮ ਨਵਰਾਜ ਸਿੰਘ ਬਰਾੜ ਵਲੋਂ ਕੀਤੀ ਜਾਂਚ ਦੇ ਅਧਾਰ 'ਤੇ ਗ਼ਬਨ ਦੇ ਮਾਮਲੇ ਵਿਚ ਅਨੁਪ੍ਰੀਤ ਕੌਰ ਦਾ ਨਾਂਅ ਆਉਣ ' ਉਸ ਨੂੰ ਮੁਅੱਤਲ ਕੀਤਾ ਗਿਆ।
ਇੱਥੇ ਦੱਸ ਦਈਏ ਕਿ ਅਨੂਪ੍ਰੀਤ ਕੌਰ ਪਹਿਲਾਂ ਪੱਟੀ ਦੀ ਐੱਸਡੀਐੱਮ ਵੀ ਰਹਿ ਚੁੱਕੀ ਹੈ ਅਤੇ ਹੁਣ ਉਹ ਜਲੰਧਰ ਵਿਚ ਸਹਾਇਕ ਕਮਿਸ਼ਨਰ ਤਾਇਨਾਤ ਸਨ। ਉਨ੍ਹਾਂ ਦਾ ਇਕ ਗ਼ਬਨ ਮਾਮਲੇ ਵਿਚ ਨਾਂਅ ਆਉਣ 'ਤੇ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ ਜਿਸ ਦੀ ਪੁਸ਼ਟੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਕੀਤੀ ਗਈ।
ਜ਼ਿਕਰਯੋਗ ਹੈ ਕਿ 2018-19 ਵਿੱਚ ਬਤੌਰ ਐੱਸਡੀਐੱਮ ਪੱਟੀ ਨਿਯੁਕਤ ਰਹੀ ਅਨੂਪ੍ਰੀਤ ਕੌਰ ਵਲੋਂ ਅੰਮ੍ਰਿਤਸਰ-ਬਠਿੰਡਾ 54 ਨੰਬਰ ਚਾਰ ਮਾਰਗੀ ਸੜਕ ਦੇ ਨਿਰਮਾਣ ਦੇ ਪੈਸੇ ਗ਼ਲਤ ਖਾਤਿਆਂ ਵਿੱਚ ਪਾ ਕੇ ਜਿੱਥੇ ਸਰਕਾਰੀ ਅਹੁਦੇ ਦੀ ਗ਼ਲਤ ਵਰਤੋਂ ਕੀਤੀ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਹੈ, ਉਥੇ ਹੀ ਉਨ੍ਹਾਂ ਨਾਲ ਇਸ ਮਾਮਲੇ ਵਿੱਚ ਸ਼ਾਮਿਲ 5 ਹੋਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਵਲੋਂ ਇਨ੍ਹਾਂ ਪੈਸਿਆਂ ਦੇ ਚੈੱਕ ਆਪਣੇ ਨਾਂਅ 'ਤੇ ਲਏ ਗਏ।
ਇਨ੍ਹਾਂ ਵਿਚ ਰਾਜਵਿੰਦਰ ਜਿਨ੍ਹਾਂ ਵਲੋਂ 42 ਲੱਖ 23 ਹਜ਼ਾਰ 121 ਦਾ ਚੈੱਕ ਲਿਆ ਗਿਆ, ਸਰਤਾਜ ਸਿੰਘ 45 ਲੱਖ 688 ਰੁਪਏ, ਬਿਕਰਮਜੀਤ ਸਿੰਘ 38 ਲੱਖ, ਗੁਰਮੀਤ ਕੌਰ 22 ਲੱਖ 83 ਹਜ਼ਾਰ 106 ਰੁਪਏ, ਜਸਬੀਰ ਕੌਰ 40 ਲੱਖ 63 ਹਜ਼ਾਰ 200 ਰੁਪਏ ਦਾ ਚੈੱਕ ਵਸੂਲ ਕੀਤਾ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ।
ਇਸ ਬਾਰੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੱਟੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਵਿਰੁੱਧ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਛੇਤੀ ਹੀ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ।