ਤਰਨ ਤਾਰਨ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਲੈ ਕੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤਰਨ ਤਾਰਨ ਵਿਖੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ।
ਇਸ ਮੌਕੇ ਉਨ੍ਹਾਂ ਗੱਲ ਕਰਦੇ ਕਿਹਾ ਕਿ ਕੈਪਟਨ ਸਰਕਾਰ ਦੇ ਚਹੇਤੇ ਲੋਕ ਅਪਣੀਆਂ ਸ਼ਰਾਬ ਫੈਕਟਰੀਆਂ ਲਗਾ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ, ਜਦਕਿ ਖ਼ਾਮਿਆਜ਼ਾ ਗ਼ਰੀਬਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਉੱਚ-ਪੱਧਰੀ ਜਾਂਚ ਕਰਵਾਈ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਦੁਸਹਿਰਾ ਕਾਂਡ ਵਾਂਗ ਇਸ ਮਾਮਲੇ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਵੱਡੇ ਮਗਰਮੱਛਾਂ ਨੂੰ ਬਚਾ ਕੇ ਛੋਟੀਆਂ ਮੱਛੀਆਂ ਨੂੰ ਫਸਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮ੍ਰਿਤਕਾਂ ਦੇ ਵਾਰਿਸਾਂ ਨੂੰ 25 ਲੱਖ ਦੀ ਮਾਲੀ ਸਹਾਇਤਾ ਦੇਣ ਅਤੇ ਇਸ ਦੇ ਨਾਲ ਹੀ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਕਿਉਂਕਿ ਇਹ ਮੌਤਾਂ ਸਰਕਾਰ ਦੀ ਅਣਗਹਿਲੀ ਨਾਲ ਹੋਈਆਂ ਹਨ ਨਾ ਕਿ ਇਹ ਲੋਕ ਕੁਦਰਤੀ ਮੌਤ ਮਰੇ ਹਨ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦਾ ਸਿਲਸਿਲਾ 29 ਜੁਲਾਈ ਤੋਂ ਜਾਰੀ ਹੈ ਅਤੇ ਦਿਨ ਐਤਵਾਰ ਤੱਕ ਇਹ ਮੌਤਾਂ ਦਾ ਅੰਕੜਾਂ 104 ਤੱਕ ਪਹੁੰਚ ਗਿਆ ਹੈ।