ਤਰਨ ਤਾਰਨ: 14 ਤੋਂ 21 ਮਾਰਚ ਤੱਕ ਆਬੂਧਾਬੀ ਵਿੱਚ ਚੱਲੇ ਸਪੈਸ਼ਲ ਓਲੰਪਿਕਸ ਵਰਲਡ ਗੇਮਜ਼ ਵਿੱਚ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕੈਰੋਂ ਤੋਂ ਹੈਂਡਬਾਲ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਂਅ ਸੁਨਹਿਰੇ ਅੱਖਰਾਂ ਵਿੱਚ ਲਿਖਣ ਵਾਲੇ ਗੁਰਜੰਟ ਸਿੰਘ ਦਾ ਪਿੰਡ ਕੈਰੋਂ ਪੁੱਜਣ 'ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਜਲੂਸ ਦੀ ਸ਼ਕਲ ਵਿੱਚ ਗੁਰਜੰਟ ਸਿੰਘ ਨੇ ਆਪਣੇ ਪਿੰਡ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਪਿੰਡ ਦੇ ਹਾਈ ਸਕੂਲ, ਜਿੱਥੇ ਉਹ ਪੜ੍ਹਦਾ ਸੀ, ਵਿੱਚੋਂ ਫੇਰੀ ਲਾ ਕੇ ਇਤਿਹਾਸਕ ਗੁਰਦੁਆਰਾ ਝਾੜ ਸਾਹਿਬ ਵਿਖੇ ਸ਼ੁਕਰਾਨਾ ਕੀਤਾ।
ਗੁਰਜੰਟ ਸਿੰਘ ਨੇ ਦੱਸਿਆ ਕਿ ਹੈਂਡਬਾਲ ਲਈ ਉਸ ਨੇ ਪੰਜਾਬ ਵਿੱਚੋਂ ਇੱਕਲੇ ਤੌਰ 'ਤੇ ਤਰਜਮਾਨੀ ਕਰਦਿਆਂ ਭਾਰਤ ਲਈ ਸੋਨੇ ਦਾ ਤਗ਼ਮਾ ਜਿੱਤਿਆ। ਉਸ ਨੇ ਦੱਸਿਆ ਕਿ ਉਹ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਪਿਛਲੇ 7 ਸਾਲਾਂ ਤੋਂ ਹੈਂਡਬਾਲ ਗੇਮ ਲਈ ਕਈ ਤਗ਼ਮੇ ਜਿੱਤ ਚੁੱਕਾ ਹੈ, ਜਿਨ੍ਹਾਂ ਵਿੱਚ ਸਰਬੀਆ ਸਟੇਟ (ਸਾਊਥ ਅਫ਼ਰੀਕਾ) ਵਿੱਚ ਇੰਟਰਵਸਟੀ ਕਾਲਜ ਵੱਲੋਂ ਸੋਨੇ ਦਾ ਤਗ਼ਮਾ ਵੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਗੁਰਜੰਟ ਹੁਣ ਤੱਕ ਵੱਖ-ਵੱਖ ਮੁਕਾਬਲਿਆਂ ਵਿੱਚ 3 ਸੋਨੇ, 4 ਚਾਂਦੀ ਦੇ ਤਗ਼ਮੇ ਜਿੱਤ ਚੁੱਕਾ ਹੈ। ਆਬੂਧਾਬੀ ਵਿੱਚ ਹੈਂਡਬਾਲ ਮੁਕਾਬਲੇ ਵਿੱਚ 20 ਦੇਸ਼ਾਂ ਵੱਲੋਂ ਭਾਗ ਲਿਆ ਗਿਆ ਸੀ ਜਿਨ੍ਹਾਂ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਦਾ ਫਾਈਨਲ ਮੁਕਾਬਲਾ ਫਰਾਂਸ ਨਾਲ ਸੀ। ਇਸ ਸਖ਼ਤ ਮੁਕਾਬਲੇ ਵਿੱਚ ਭਾਰਤ ਨੇ 15 ਦੇ ਮੁਕਾਬਲੇ 18 ਅੰਕਾਂ ਨਾਲ ਜਿੱਤ ਦਰਜ ਕੀਤੀ।
ਗੁਰਜੰਟ ਨੇ ਆਪਣੀ ਸਫ਼ਲਤਾ ਦਾ ਸਿਹਰਾ ਕੋਚ ਜਸਵੰਤ ਸਿੰਘ ਢਿੱਲੋਂ ਦੇ ਸਿਰ ਬੰਨ੍ਹਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇ ਸਰਕਾਰ ਉਸ ਦੀ ਬਾਂਹ ਫੜੇ, ਉਸ ਨੂੰ ਚੰਗਾ ਰੁਜ਼ਗਾਰ ਜਾਂ ਨੌਕਰੀ ਦੇਣ ਦੇ ਨਾਲ-ਨਾਲ ਉਸ ਦੀ ਖ਼ੁਰਾਕ ਵੱਲ ਧਿਆਨ ਦੇਵੇ ਤਾਂ ਉਹ ਦੇਸ਼ ਲਈ ਹੋਰ ਵੀ ਕਈ ਵੱਡੀਆਂ ਮੱਲਾਂ ਮਾਰ ਸਕਦਾ ਹੈ।