ਤਰਨ ਤਾਰਨ : ਸੇਵਾ-ਮੁਕਤ ਲੈਫੀ. ਜਨਰਲ ਟੀ. ਐੱਸ. ਸ਼ੇਰਗਿੱਲ ਸੀਨੀਅਰ ਵਾਈਸ ਚੇਅਰਮੈਨ ‘ਗਾਰਡੀਅਨਜ਼ ਆਫ਼ ਗਵਰਨੈੱਸ’ ਅਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਰਾਜ ਵਿੱਚ ਕੋਵਿਡ-19 ਕਰਕੇ ਪੈਦਾ ਹੋਈ ਮੌਜੂਦਾ ਸਥਿਤੀ ਸਬੰਧੀ ਜ਼ਿਲਾ ਅਧਿਕਾਰੀ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਕਰਫਿਊ ਦੌਰਾਨ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਸੱਭਰਵਾਲ ਵੀ ਉਨ੍ਹਾਂ ਦੇ ਨਾਲ ਸਨ।
ਮੀਟਿੰਗ ਦੌਰਾਨ ਟੀ. ਐੱਸ. ਸ਼ੇਰਗਿਲ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਜੀ.ਓ.ਜੀ. ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨਾਂ ਕਿਹਾ ਕਿ ਇਸ ਸੰਕਟ ਸਮੇਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ 'ਗਾਰਡੀਅਨਜ਼ ਆਫ਼ ਗਵਰਨੈਸ' ਦੇ ਵਲੰਟੀਅਰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਉਣ ਦੇਣ।
ਉਨ੍ਹਾਂ ਕਿਹਾ ਕਿ ਕਰਫ਼ਿਊ ਦੌਰਾਨ ਕਿਰਤੀ ਲੋਕ ਜੋ ਕਿ ਰੋਜ਼ਾਨਾ ਕਮਾਈ ਕਰਕੇ ਆਪਣਾ ਘਰ ਚਲਾਉਂਦੇ ਸਨ, ਨੂੰ ਰਾਸ਼ਨ, ਦਵਾਈਆਂ ਅਤੇ ਹੋਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਨਾਉਣ ਵਿੱਚ ਜੀ.ਓ.ਜੀ. ਵੱਧ ਚੜ ਕੇ ਯੋਗਦਾਨ ਪਾਉਣ।
ਇਸ ਮੌਕੇ ਉਨ੍ਹਾਂ ਜੀ.ਓ.ਜੀ. ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਤੁਸੀਂ ਯੋਧੇ ਹੋ ਅਤੇ ਤੁਸੀਂ ਦੁਸ਼ਮਣ ਨਾਲ ਕਈ ਜੰਗਾਂ ਲੜੀਆਂ ਹਨ। ਕੋਰੋਨਾ ਵਿਰੁੱਧ ਵੀ ਇੱਕ ਜੰਗ ਲੜੀ ਜਾ ਰਹੀ ਹੈ, ਜੋ ਅਸੀਂ ਸਾਰੇ ਲੜ ਰਹੇ ਹਾਂ। ਤੁਸੀਂ ਇਸ ਜੰਗ ਵਿੱਚ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਪਹੁੰਚਾਉਣ ਵਿੱਚ ਮਦਦ ਵੀ ਕਰੋ।
ਉੱਥੇ ਹੀ ਤਰਨ ਤਾਰਨ ਦੇ ਡੀ.ਸੀ ਪ੍ਰਦੀਪ ਸਭਰਵਾਲ ਨੇ ਜ਼ਿਲ੍ਹੇ ਵਿੱਚ ਹਾੜੀ ਦੀ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਚੱਲ ਰਹੇ ਪ੍ਰਬੰਧਾਂ ਬਾਰੇ ਵੀ ਚਾਨਣਾ ਪਾਇਆ।