ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਮਰਗਿੰਦਪੁਰਾ (ਨਿੱਕੀ ਮੱਖੀ) ਅੰਦਰ ਨਸ਼ੇ ਦੀ ਪੂਰਤੀ ਕਰਨ ਲਈ ਜ਼ਮੀਨ ਵੇਚਣ ਤੋਂ ਰੋਕਣ ਕਾਰਣ ਬੀਤੀ 11 ਅਕਤੂਬਰ ਨੂੰ ਗੁਰਸਾਹਬ ਸਿੰਘ ਪੁੱਤਰ ਬਲਦੇਵ ਸਿੰਘ ਵੱਲੋਂ ਆਪਣੀ ਪਤਨੀ ਸੰਦੀਪ ਕੌਰ ਦਾ ਕਤਲ ਕੀਤਾ ਗਿਆ ਸੀ। ਮਾਮਲੇ 'ਚ ਪੁਲਿਸ ਨੇ ਆਈਪੀਸੀ ਧਾਰਾ 302, 120 ਤਹਿਤ ਮ੍ਰਿਤਕ ਦੇ ਪਤੀ ਸਮੇਤ ਤਿੰਨ ਹੋਰ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਮ੍ਰਿਤਕ ਦੇ ਪਤੀ ਗੁਰਸਾਹਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਬਾਕੀ ਤਿੰਨ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਪੁਲਿਸ ਵੱਲੋਂ ਤਿੰਨ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਕਰਕੇ ਮ੍ਰਿਤਕ ਸੰਦੀਪ ਕੌਰ ਦੇ ਮਾਤਾ ਪਿਤਾ ਅਤੇ ਕਿਸਾਨ ਮਜ਼ਦੂਰ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂ ਕਾਮਰੇਡ ਚਮਨ ਲਾਲ ਦਰਾਜਕੇ ਆਦਿ ਵੱਲੋਂ ਪੁਲਿਸ ਥਾਣੇ ਅੱਗੇ ਰੋਸ ਧਰਨਾ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਪੁਲਿਸ ਸੰਦੀਪ ਕੌਰ ਦੇ ਕਤਲ ਦੇ ਮਾਮਲੇ ਨੂੰ ਜਾਣ-ਬੁੱਝ ਕੇ ਲਟਕਾ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਫ਼ਾਇਦਾ ਦਿੱਤਾ ਜਾ ਸਕੇ। ਇਸ ਲਈ ਹੀ ਪੁਲਿਸ ਮਾਮਲੇ ਦੇ ਬਾਕੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਛੇਤੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਤਾਂ ਪੁਲਿਸ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।
ਮੌਕੇ 'ਤੇ ਥਾਣੇ ਦੇ ਐਸਆਈ ਗੁਰਮੁੱਖ ਸਿੰਘ ਨੇ ਧਰਨਾਕਾਰੀਆਂ ਦੀ ਗੱਲ ਉੱਚ ਅਧਿਕਾਰੀਆਂ ਨਾਲ ਕਰਵਾਈ। ਉਚ ਅਧਿਕਾਰੀਆਂ ਕੋਲੋੋਂ ਮੀਟਿੰਗ ਦਾ ਭਰੋਸਾ ਮਿਲਣ 'ਤੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕਿਆ।