ਤਰਨਤਾਰਨ: ਪੱਟੀ 'ਚ ਨਸ਼ਾ ਤਸਕਰਾਂ ਅਤੇ ਪੰਜਾਬ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਦੌਰਾਨ ਦੋਵੱਲੀ ਗੋਲੀਬਾਰੀ ਵਿੱਚ ਇੱਕ ਨਸ਼ਾ ਤਸਕਰ ਦੀ ਮੌਤ ਹੋ ਗਈ ਹੈ। ਦੂਜੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਕਾਬਲਾ ਪੱਟੀ ਦੇ ਪਿੰਡ ਕੈਰੋਂ ਵਿੱਚ ਹੋਇਆ। ਇਹ ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਦੋਵਾਂ ਵਿਚਾਲੇ ਕਰੀਬ 5 ਰਾਊਂਡ ਫਾਇਰਿੰਗ ਹੋਣ ਦੀ ਸੂਚਨਾ ਹੈ।
ਪੁਲਿਸ ਨੂੰ ਨਸ਼ਾ ਤਸਕਰਾਂ ਦੇ ਇਨਪੁਟ ਮਿਲੇ: ਮੁੱਢਲੀ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਇਨਪੁਟ ਮਿਲੇ ਸਨ। ਇਸ ਮਗਰੋਂ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਪਿੰਡ ਕੋਟੀ ਸੇਖਾਂ ਵੱਲੋਂ ਆ ਰਹੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਅੰਦਰ ਬੈਠੇ ਵਿਅਕਤੀਆਂ ਨੇ ਕਾਰ ਭਜਾ ਲਈ। ਪੁਲਿਸ ਨੂੰ ਉਨ੍ਹਾਂ 'ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਨੂੰ ਪਿੱਛਿਓਂ ਆਉਂਦੀ ਦੇਖ ਕੇ ਪਹਿਲਾਂ ਉਨ੍ਹਾਂ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਵੀ ਪੁਲਿਸ ਨੇ ਪਿੱਛਾ ਨਹੀਂ ਛੱਡਿਆ ਤਾਂ ਤਸਕਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਜਵਾਬੀ ਕਾਰਵਾਈ ਦੌਰਾਨ ਤਸਕਰ ਦੀ ਮੌਤ: ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਜਿਸ ਤੋਂ ਬਾਅਦ ਜੋਰਾ ਸਿੰਘ ਨਾਮ ਦੇ ਨਸ਼ਾ ਤਸਕਰ ਮਾਰਿਆ ਗਿਆ। ਇਨ੍ਹਾਂ ਨਸ਼ਾ ਤਸਕਰਾਂ ਕੋਲੋਂ ਕੀ ਬਰਾਮਦ ਹੋਇਆ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਦੀ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਰਹੀ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਮੁਕਾਬਲੇ ਬਾਰੇ ਰਸਮੀ ਤੌਰ 'ਤੇ ਕੁਝ ਨਹੀਂ ਕਿਹਾ ਹੈ।
- ਪੰਜਾਬ ਦੀਆਂ 13 ਸੀਟਾਂ 'ਤੇ ਚੋਣ ਲੜੇਗੀ ਕਾਂਗਰਸ ? ਕੌਮੀ ਗੱਠਜੋੜ ਵਿਚਾਲੇ ਪੇਚ ਫਸਾ ਸਕਦੀਆਂ ਹਨ 2024 ਲੋਕ ਸਭਾ ਚੋਣਾਂ- ਖਾਸ ਰਿਪੋਰਟ
- ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਅੰਮ੍ਰਿਤਸਰ ਦਿਹਾਤੀ ਦੇ ਪਿੰਡਾਂ 'ਚ ਰੇਡ, ਲੱਖਾਂ ਲੀਟਰ ਨਾਜਾਇਜ਼ ਸ਼ਰਾਬ 'ਤੇ ਲਾਹਣ ਬਰਾਮਦ
- ਸੱਟ ਲੱਗਣ ਕਾਰਨ ਖੇਡ ਛੱਡ ਕਬੱਡੀ ਖਿਡਾਰੀ ਪੈਟਰੋਲ ਪੰਪ 'ਤੇ ਲਾ ਰਿਹਾ ਦਿਹਾੜੀ, ਖੇਡ ਵਾਪਸੀ ਲਈ ਮਦਦ ਦੀ ਲਾਈ ਗੁਹਾਰ
ਦੱਸ ਦਈਏ ਬੀਤੇ ਸਮੇਂ ਦੌਰਾਨ ਵੀ ਨਸ਼ਾ ਤਸਕਰਾਂ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਸੀ ਜਲੰਧਰ ਐਸਟੀਐਫ ਦੀ ਇੱਕ ਟੀਮ ਤਲਵੰਡੀ ਚੌਧਰੀਆਂ ਤੋਂ ਇਕ ਨਸ਼ਾ ਤਸਕਰ ਦਾ ਪਿੱਛਾ ਕਰਦੀ ਹੋਈ ਅੰਮ੍ਰਿਤਸਰ- ਤਰਨਤਾਰਨ ਰੋਡ ਨੇੜੇ ਪੈਂਦੇ ਪਿੰਡ ਜਾਣੀਆਂ ਕੋਲ ਪਹੁੰਚੀ ਸੀ। ਨਸ਼ਾ ਤਸਕਰ ਮੋਟਰਸਾਈਕਲ ਉੱਤੇ ਸਵਾਰ ਸੀ ਪਰ ਜਦੋਂ ਪੁਲਿਸ ਉਸ ਨੂੰ ਫੜ੍ਹਨ ਲਈ ਅੱਗੇ ਵਧੀ ਤਾਂ ਮੁਲਜ਼ਮ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇੱਕ ਗੋਲੀ ਐਸਟੀਐਫ ਦੇ ਇਕ ਕਾਂਸਟੇਬਲ ਗੁਰਦੀਪ ਸਿੰਘ ਦੀ ਲੱਗ ਗਈ ਸੀ ਅਤੇ ਉਹ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਜ਼ਖ਼ਮੀ ਗੁਰਦੀਪ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਗੁਰਦੀਪ ਸਿੰਘ ਜਲੰਧਰ ਦਾ ਹੀ ਰਹਿਣ ਵਾਲਾ ਸੀ। ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ।