ਤਰਨਤਾਰਨ : ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ ਰਾਹੀਂ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਤਰਨਤਾਰਨ ਦੇ ਕਸਬਾ ਝਬਾਲ ਦੇ ਸਮਾਜਸੇਵੀ ਗੁਰਮੀਤ ਸਿੰਘ ਝਬਾਲ ਵੱਲੋਂ ਮੁੜ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਾਈਵ ਹੋ ਕੇ ਕਸਬਾ ਝਬਾਲ ਦੇ ਸਟੇਡੀਅਮ ਵਿੱਚ ਸ਼ਰੇਆਮ ਵਿਕ ਰਹੇ ਨਸ਼ਿਆਂ ਦੇ ਸੱਚ ਨੂੰ ਸਾਹਮਣੇ ਲਿਆਂਦਾ ਹੈ। ਗੁਰਮੀਤ ਸਿੰਘ ਝਬਾਲ ਵੱਲੋਂ ਵੀਡੀਓ ਵਿੱਚ ਨਸ਼ਾ ਵੇਚ ਰਹੇ ਵਿਅਕਤੀ ਕੋਲੋਂ ਇੱਕ ਨਸ਼ੇ ਨਾਲ ਭਰਿਆ ਟੀਕਾ ਖਰੀਦਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਗੁਰਮੀਤ ਸਿੰਘ ਝਬਾਲ ਨਾਲ ਸਪੰਰਕ ਕੀਤਾ ਤਾਂ ਉਸ ਨੇ ਨਸ਼ਾ ਲੈਣ ਵਾਲੇ ਨੌਜਵਾਨ ਦੀ ਨਸ਼ੇ ਨਾਲ ਹੋਈ ਦੁਰਗਤ ਨੂੰ ਦਿਖਾਇਆ। ਉਕਤ ਨੌਜਵਾਨ ਦੀਆਂ ਬਾਹਾਂ ਟੀਕਿਆਂ ਨਾਲ ਵਿੰਨ੍ਹੀਆਂ ਪਈਆਂ ਸਨ। ਗੁਰਮੀਤ ਸਿੰਘ ਝਬਾਲ ਨੇ ਦੱਸਿਆ ਕਿ ਪਹਿਲਾਂ ਵੀ ਉਹ ਸਮੇਂ ਸਮੇਂ 'ਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਦੇ ਰਹਿੰਦੇ ਹਨ।
ਉਸ ਨੂੰ ਆਸ ਸੀ ਕਿ ਨਵੀਂ ਸਰਕਾਰ ਬਣੀ ਹੈ, ਕੁਝ ਬਦਲਾਅ ਹੋਵੇਗਾ ਪਰ ਨਸ਼ਾ ਉਸੇ ਤਰ੍ਹਾਂ ਹੀ ਵਿਕ ਰਿਹਾ ਹੈ। ਗੁਰਮੀਤ ਸਿੰਘ ਝਬਾਲ ਨੇ ਦੱਸਿਆ ਕਿ ਉਸ ਕੋਲ ਮੁੰਡਾ ਕੰਮ ਕਰਦਾ ਹੈ। ਉਹ ਦੋਵੇਂ ਅੱਜ ਸਟੇਡੀਅਮ ਵਿੱਚ ਚਲੇ ਗਏ, ਉਥੇ ਜਾ ਕੇ ਦੇਖਿਆ ਕਿ ਸੱਤ ਤੋ ਅੱਠ ਟੀਮਾਂ ਨਸ਼ਾ ਵੇਚ ਰਹੀਆਂ ਸਨ। ਜੋ ਉਸ ਨੇ ਮੌਕੇ 'ਤੇ ਲਾਈਵ ਹੋ ਕੇ ਦਿਖਾਈਆਂ। ਉਸ ਨੇ ਦੱਸਿਆ ਕਿ ਉਸ ਨੂੰ ਸਾਰੇ ਲੋਕ ਜਾਣਦੇ ਹੋਣ ਦੇ ਬਾਵਜੂਦ ਵੀ ਉਸ ਨੇ ਵੀ 50 ਰੁਪਏ ਵਿੱਚ ਇੱਕ ਨਸ਼ੇ ਦਾ ਟੀਕਾ ਉਥੋਂ ਖਰੀਦਿਆ। ਉਸ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਬੇਖੌਫ ਹੋ ਕੇ ਨਸ਼ਾ ਵੇਚ ਰਹੇ ਹਨ
ਇਹ ਵੀ ਪੜ੍ਹੋ : SI Arrested for taking Bribes : ਹਿਰਾਸਤ ਚੋਂ ਛੱਡਣ ਬਦਲੇ ਸਬ-ਇੰਸਪੈਕਟਰ ਨੇ ਮੰਗੀ ਰਿਸ਼ਵਤ, ਵਿਜੀਲੈਂਸ ਨੇ ਕੀਤਾ ਕਾਬੂ
ਚਿੱਟੀਆਂ ਗੋਲੀਆਂ ਘੋਲ ਕੇ 50 ਤੋਂ 80 ਰੁਪਏ ਵਿਚ ਵੇਚਦੇ ਨੇ ਨੌਜਵਾਨ : ਉੱਧਰ ਨਸ਼ਿਆਂ ਦੇ ਆਦੀ ਨੌਜਵਾਨ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਿਨ੍ਹਾਂ ਮੁੰਡਿਆਂ ਦੇ ਕਾਰਡ ਬਣੇ ਹਨ, ਉਹ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਉਹ ਗੋਲੀਆਂ ਲਿਆ ਕੇ ਪੀਸ ਕੇ ਘੋਲ ਕੇ ਟੀਕਿਆਂ ਦੇ ਰੂਪ ਵਿੱਚ 50 ਤੋਂ 80 ਰੁਪਏ ਵਿੱਚ ਵੇਚਦੇ ਹਨ। ਉਸ ਨੇ ਦੱਸਿਆ ਕਿ ਨਸ਼ਾ ਸ਼ਰੇਆਮ ਸਟੇਡੀਅਮ ਵਿੱਚ ਵਿਕਦਾ ਹੈ।
ਇਹ ਵੀ ਪੜ੍ਹੋ : CM Mann Will Meet Amit Shah: ਮੁੱਖ ਮੰਤਰੀ ਭਗਵੰਤ ਮਾਨ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੀਟਿੰਗ
ਨਸ਼ਾ ਤਸਕਰਾਂ ਖਿਲਾਫ ਕਰਾਂਗੇ ਕਾਰਵਾਈ : ਵੀਡੀਓ ਵਾਇਰਲ ਹੋਣ ਤੋਂ ਬਾਅਦ ਉੱਧਰ ਜਦੋਂ ਇਸ ਸਬੰਧ ਵਿੱਚ ਥਾਣਾ ਝਬਾਲ ਦੇ ਮੁੱਖੀ ਬਲਜਿੰਦਰ ਸਿੰਘ ਬਾਜਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਬਾਕੀ ਸਟੇਡੀਅਮ ਵਿਖੇ ਪੁਲਿਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ, ਜੋ ਵੀ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਨਜ਼ਰ ਆਉਂਦਾ ਹੈ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ।