ਤਰਨਤਾਰਨ: ਅਕਸਰ ਪਾਕਿਸਤਾਨ ਵੱਲੋਂ ਸਰਹੱਦੀ ਪਿੰਡਾਂ ਵਿੱਚ ਨਸ਼ੇ,ਹਥਿਆਰਾਂ ਤੋਂ ਇਲਾਵਾ ਹੋਰ ਚੀਜ਼ਾਂ ਦੀ ਸਪਲਾਈ ਲਈ ਨਾਪਾਕ ਡ੍ਰੋਨ ਭੇਜੇ ਜਾਂਦੇ ਹਨ ਪਰ ਹਰ ਬਾਰ ਸਰਹੱਦ ਉੱਤੇ ਮੁਸਤੈਦੀ ਨਾਲ ਤਾਇਨਾਤ ਬੀਐੱਸਐੱਫ ਦੇ ਜਵਾਨ ਪਾਕਿਸਤਾਨ ਦੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੰਦੇ ਨੇ ਅਤੇ ਇਸ ਵਾਰ ਵੀ ਕੁੱਝ ਅਜਿਹਾ ਹੀ ਹੋਇਆ ਹੈ। ਦਰਅਸਲ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਸਤਗੜ੍ਹ ਨਜ਼ਦੀਕ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਨੇ ਸਾਂਝੇ ਖੋਜ ਅਭਿਆਨ 'ਚ ਅੱਜ ਸਵੇਰੇ ਬਖਸ਼ੀਸ਼ ਸਿੰਘ ਪੁੱਤਰ ਕਰਤਾਰ ਸਿੰਘ ਦੀ ਜ਼ਮੀਨ 'ਚ ਡਿੱਗਾ ਪਿਆ ਇੱਕ ਡੀ.ਜੇ.ਆਈ. ਮੈਟਰਿੰਕ ਕੰਪਨੀ ਦਾ ਡਰੋਨ ਬਰਾਮਦ ਕੀਤਾ ਹੈ, ਜਿਹੜਾ ਪੂਰੀ ਤਰ੍ਹਾਂ ਟੁੱਟਾ ਪਿਆ ਸੀ। ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ
ਹਾਈਟੈੱਕ ਡ੍ਰੋਨ ਬਰਾਮਦ: ਦੱਸ ਦਈਏ ਇਸ ਕੁਆਟਰਾ ਕੈਪਟਲ ਡ੍ਰੋਨ ਦੀ ਆਮਦ ਬਾਰੇ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੂੰ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਸਾਂਝਾ ਅਪ੍ਰੇਸ਼ਨ ਚਲਾ ਇਹ ਟੁੱਟਿਆ ਡ੍ਰੋਨ ਕਿਸਾਨ ਕਰਤਾਰ ਸਿੰਘ ਦੀ ਜ਼ਮੀਨ ਵਿੱਚੋਂ ਬਰਾਮਦ ਕੀਤਾ। ਸਥਾਨਕ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਸਰਹੱਦ ਪਾਰ ਤੋਂ ਅਸ਼ਾਂਤੀ ਫੈਲਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਨੇ ਪਰ ਉਹ ਹਰ ਤਰ੍ਹਾਂ ਦੀ ਚੁਣੋਤੀ ਲਈ ਤਿਆਰ ਹਨ ਅਤੇ ਕਦੇ ਵੀ ਦੁਸ਼ਮਣ ਨੂੰ ਨਾਪਾਕ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਦੱਸਿਆ ਕਿ ਇਹ ਇੱਕ ਕੁਆਟਰਾ ਕੈਪਟਲ ਡ੍ਰੋਨ ਹੈ ਜੋ ਟੁੱਟੀ ਹਾਲਤ ਵਿੱਚ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਇਸ ਡ੍ਰੋਨ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਜਾਵੇਗੀ। ਇਹ ਵੀ ਪਤਾ ਕੀਤਾ ਜਾਵੇਗਾ ਕਿ ਡ੍ਰੋਨ ਕਿਸ ਮੁਲਜ਼ਮ ਨੇ ਸਰਹੱਦ ਪਾਰੋਂ ਮੰਗਵਾਇਆ ਸੀ। ਇਸ ਤੋਂ ਇਲਾਵਾ ਮੁਲਜ਼ਮ ਨੂੰ ਲੱਭ ਕੇ ਸਖ਼ਤ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
ਦੱਸ ਦਈਏ ਇਸ ਤੋਂ ਪਹਿਲਾਂ ਵੀ ਬੀਐਸਐਫ ਨੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਪਾਕਿਸਤਾਨੀ ਤਸਕਰਾਂ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਬੀਐਸਐਫ ਨੇ ਇੱਕੋ ਰਾਤ ਵਿੱਚ ਦੋ ਪਾਕਿਸਤਾਨੀ ਨਾਪਾਕ ਡਰੋਨਾਂ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ । ਦੋਵੇਂ ਡਰੋਨ ਇੱਕੋ ਕਿਸਮ ਦੇ ਸਨ, ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਡਰੋਨ ਵਿੱਚੋਂ ਹੈਰੋਇਨ ਦੀ ਇੱਕ ਖੇਪ ਵੀ ਬਰਾਮਦ ਕੀਤੀ ਸੀ। ਬੀਐਸਐਫ ਨੇ ਇਹ ਦੋਵੇਂ ਡਰੋਨ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਧਾਰੀਵਾਲ ਅਤੇ ਰਤਨ ਖੁਰਦ ਦੇ ਇਲਾਕਿਆਂ ਵਿੱਚ ਫਾਇਰਿੰਗ ਕਰਕੇ ਧਰਤੀ ਉੱਤੇ ਸੁੱਟੇ ਸਨ।