ਤਰਨਤਾਰਨ: ਪਾਕਿਸਤਾਨ ਦੇ ਨਸ਼ਾ ਤਸਕਰਾਂ ਵਲੋਂ ਡਰੋਨ ਰਾਹੀਂ ਲਗਾਤਾਕ ਭਾਰਤੀ ਸੀਮਾ ਅੰਦਰ ਘੁਸਪੈਠ ਕਰਦੇ ਹੋਏ ਨਸ਼ਾ ਡਿਲੀਵਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਕ ਹੋਰ ਤਾਜ਼ਾ ਮਾਮਲਾ ਤਰਨਤਾਰਨ ਤੋਂ ਹੈ, ਜਿੱਥੇ ਪਾਕਿਸਤਾਨ ਵਲੋਂ ਭੇਜਿਆ ਡਰੋਨ ਕਿਸਾਨ ਦੀ ਖੇਤਾਂ ਚੋਂ ਬਰਾਮਦ ਹੋਇਆ ਹੈ। ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਡਰੋਨ ਬਰਾਮਦ ਹੋਣ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
ਕਿਸਾਨ ਦੇ ਖੇਤ ਚੋਂ ਬਰਾਮਦ ਹੋਇਆ ਡਰੋਨ: ਭਾਰਤ ਤੇ ਪਾਕਿਸਤਾਨ ਸਰਹੱਦ ਨੇੜੇ ਪੈਂਦੇ ਸੈਕਟਰ ਖਾਲੜਾ ਦੇ ਪਿੰਡ ਡੱਲ ਵਿਖੇ ਕਿਸਾਨ ਕੁਲਵਿੰਦਰ ਸਿੰਘ ਦੀ ਜ਼ਮੀਨ ਵਿੱਚ ਡਿੱਗਿਆ ਹੋਇਆ ਮਿਲਿਆ। ਫਿਲਹਾਲ ਡਰੋਨ ਮਿਲਣ ਤੋਂ ਬਾਅਦ ਪੁਲਿਸ ਤੇ ਬੀਐਸਐਫ ਦੇ ਜਵਾਨਾਂ ਵਲੋਂ ਤਲਾਸ਼ੀ ਮੁੰਹਿਮ ਚਲਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ ਸਵੇਰੇ ਹੈਰੋਇਨ ਬਰਾਮਦ ਹੋਈ: ਬੀਐਸਐਫ ਅਧਿਕਾਰੀਆਂ ਨੇ ਸਵੇਰੇ ਜਾਣਕਾਰੀ ਦਿੱਤੀ ਕਿ ਬੁੱਧਵਾਰ ਨੂੰ ਸਵੇਰੇ 07:30 ਵਜੇ, ਸੂਚਨਾ ਦੇ ਆਧਾਰ 'ਤੇ, ਬੀਐਸਐਫ ਵਲੋਂ ਪਿੰਡ ਮਾਬੋਕੇ, ਜ਼ਿਲ੍ਹਾ ਫਿਰੋਜ਼ਪੁਰ ਦੇ ਬਾਹਰਵਾਰ ਇੱਕ ਸਰਚ ਅਭਿਆਨ ਚਲਾਇਆ ਗਿਆ ਸੀ। ਜਿੱਥੋ ਬੀਐਸਐਫ ਦੇ ਜਵਾਨਾਂ ਨੇ ਇੱਕ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ ਜਿਸ ਵਿੱਚ ਸ਼ੱਕੀ ਨਸ਼ੀਲੇ ਪਦਾਰਥਾਂ ਦੇ 03 ਛੋਟੇ ਪੈਕੇਟ, ਜਿਨ੍ਹਾਂ ਵਿੱਚ 2 ਚਿੱਟੇ ਅਤੇ 1 ਕਾਲੇ ਰੰਗ ਦੇ ਪੋਲੀਥੀਨ ਦੇ ਨਾਲ-ਨਾਲ ਇੱਕ ਬਲਿੰਕਰ ਬਾਲ, ਡਰੋਨ ਦੁਆਰਾ ਸੁੱਟੀ ਗਈ, ਇੱਕ ਖੇਤ ਚੋਂ ਬਰਾਮਦ ਕੀਤੀ ਗਈ। ਇਸ ਵਿੱਚੋਂ 2.6 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ।
ਜੂਨ ਮਹੀਨੇ ਵੱਡੀ ਮਾਤਰਾ 'ਚ ਹੈਰੋਇਨ ਤੇ ਡਰੋਨ ਬਰਾਮਦ: ਦੱਸ ਦੇਈਏ ਕਿ ਜੂਨ ਮਹੀਨੇ ਦੇ ਅਜੇ 12 ਦਿਨ ਹੀ ਬੀਤੇ ਹਨ, ਪਰ ਇਨ੍ਹਾਂ ਦਿਨਾਂ ਵਿੱਚ ਵੱਡੀ ਮਾਤਰਾ ਵਿੱਚ ਪੰਜਾਬ ਦੇ ਵੱਖ-ਵੱਖ ਸਰਹੱਦਾਂ ਨੇੜਿਓਂ ਪਾਕਿਸਤਾਨ ਵਲੋਂ ਨਸ਼ਾ ਸਪਲਾਈ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2 ਜੂਨ ਨੂੰ ਫਾਜ਼ਿਲਕਾ ਤੋਂ 2.5 ਕਿਲੋਂ ਹੈਰੋਇਨ ਬਰਾਮਦ ਹੋਈ, 3 ਜੂਨ ਨੂੰ ਪਿੰਡ ਰਾਏ ਤੋਂ 5.5 ਕਿਲੋਂ ਹੈਰੋਇਨ ਰਿਕਵਰ, 5 ਜੂਨ ਨੂੰ ਅਟਾਰੀ ਤੋਂ 3.2 ਕਿਲੋਂ ਹੈਰੋਇਨ ਬਰਾਮਦ ਤੇ ਡਰੋਨ ਮਿਲਿਆ, 8 ਜੂਨ ਨੂੰ ਤਰਨਤਾਰਨ ਤੋਂ 2.5 ਕਿਲੋਂ ਹੈਰੋਇਨ ਜ਼ਬਤ, 8 ਜੂਨ ਨੂੰ ਹੀ ਅੰਮ੍ਰਿਤਸਰ ਤੋਂ ਡਰੋਨ ਰਿਕਵਰ, 9 ਜੂਨ ਨੂੰ ਅੰਮ੍ਰਿਤਸਰ ਤੋਂ 5.25 ਕਿਲੋਂ ਹੈਰੋਇਨ ਮਿਲੀ, 10 ਜੂਨ ਨੂੰ ਅੰਮ੍ਰਿਤਸਰ ਸਰਹੱਦ ਤੋਂ 5.5 ਕਿਲੋਂ ਹੈਰੋਇਨ ਜ਼ਬਤ, 11 ਜੂਨ ਨੂੰ ਤਰਨਤਾਰਨ ਤੋਂ ਡਰੋਨ ਰਿਕਵਰ, 11 ਜੂਨ ਨੂੰ ਹੀ ਅੰਮ੍ਰਿਤਸਰ ਅਟਾਰੀ ਤੋਂ ਡਰੋਨ ਰਿਕਵਰ, 12 ਜੂਨ ਨੂੰ ਸਵੇਰੇ ਅੰਮ੍ਰਿਤਸਰ ਬਾਰਡਰ ਤੋਂ ਡਰੋਨ ਰਿਕਵਰ ਅਤੇ 12 ਜੂਨ ਨੂੰ 14 ਕਰੋੜ ਦੀ ਕਰੀਬ 2 ਕਿਲੋਂ ਹੈਰੋਇਨ ਬਰਾਮਦ ਹੋਈ ਹੈ।