ਤਰਨਤਾਰਨ: ਬਿਆਸ ਕਿਨਾਰੇ ਵਸੇ ਤਰਨਤਾਰਨ ਦੇ ਪਿੰਡ ਗੁੱਜਰਪੁਰਾ ਦੇ ਕਰਜ਼ਈ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਜਰਨੈਲ ਸਿੰਘ (43) ਪੁੱਤਰ ਦਲਬੀਰ ਸਿੰਘ ਦੀ ਮੰਡ ਖੇਤਰ ਵਿੱਚ ਦੋ ਏਕੜ ਜ਼ਮੀਨ ਸੀ ਜੋ ਤਕਰੀਬਨ ਹਰ ਸਾਲ ਹੀ ਦਰਿਆ ਦੀ ਭੇਟ ਚੜ੍ਹ ਜਾਂਦੀ ਸੀ। ਜਿਸ ਕਰਕੇ ਉਸ ਵੱਲ ਆੜ੍ਹਤੀਆਂ ਅਤੇ ਬੈਂਕਾਂ ਦਾ ਤਕਰੀਬਨ 17 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਤੇ ਉਹ ਅਕਸਰ ਪ੍ਰੇਸ਼ਾਨ ਰਹਿਣ ਲੱਗ ਪਿਆ।
ਪਿਛਲੇ ਸਾਲ ਉਸ ਦੇ ਨੌਜਵਾਨ ਪੁੱਤਰ ਹਰਮਨਜੀਤ ਸਿੰਘ ਨੇ ਵੀ ਕਰਜ਼ ਕਰਕੇ ਖੁਦਕੁਸ਼ੀ ਕਰ ਲਈ ਸੀ ਤੇ ਉਸ ਦੀ ਧਰਮ ਪਤਨੀ ਵੀ ਸਦੀਵੀ ਵਿਛੋੜਾ ਦੇ ਗਈ। ਉਸ ਦੇ ਦੋ ਨਾਬਾਲਗ ਪੁੱਤਰਾਂ ਨੂੰ ਵੀ ਉਸ ਦੇ ਰਿਸ਼ਤੇਦਾਰ ਹੀ ਪੜ੍ਹਾ ਲਿਖਾ ਰਹੇ ਸਨ ਅਤੇ ਉਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਸਨ ਕਿ ਇਨ੍ਹਾਂ ਬੱਚਿਆਂ ਦਾ ਭਵਿੱਖ ਸੁਧਰ ਸਕੇ। ਜਿਸ ਕਰ ਕੇ ਪੀੜਤ ਕਿਸਾਨ ਘਰ ਵਿੱਚ ਇਕੱਲਾ ਰਹਿਣ ਲੱਗ ਪਿਆ।
ਸਮੇਂ ਸਮੇਂ ਦੀਆਂ ਸੂਬਾ ਸਰਕਾਰਾਂ ਵਲੋਂ ਕਰਜ਼ਾ ਮਾਫ ਕਰਨ ਦੀਆਂ ਝੂਠੀਆਂ ਤਸੱਲੀਆਂ ਤੋਂ ਦੁਖੀ ਹੋ ਕੇ ਅੱਜ ਆਪਣੇ ਘਰ ਵਿੱਚ ਕੋਈ ਜ਼ਹਿਰੀਲੀ ਚੀਜ਼ ਖਾ ਕੇਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਦੇ ਮੋਹਤਬਰਾਂ ਵਿਅਕਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕਰ ਕੇ ਉਸ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।