ਤਰਨਤਾਰਨ: ਵਿਸਾਖੀ ਮੌਕੇ ਸਤਲੁਜ ਦਰਿਆ ਵਿੱਚ ਡੁੱਬੇ 2 ਨੌਜਵਾਨਾਂ ਵਿੱਚੋਂ ਇਕ ਦੀ ਲਾਸ਼ ਮਿਲ ਗਈ ਹੈ ਅਤੇ ਦੂਜੇ ਦੀ ਭਾਲ ਅਜੇ ਵੀ ਜਾਰੀ ਹੈ। ਜਿਸ ਦੇ ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ ਹੈ।
ਬੀਤੇ ਕੱਲ੍ਹ ਸਭ ਡਵੀਜ਼ਨ ਪੱਟੀ ਦੇ ਪਿੰਡ ਮੁੱਠਿਆਂ ਵਾਲਾ ਨਜ਼ਦੀਕ ਪੈਂਦੇ ਸਤਲੁਜ ਬਿਆਸ ਦਰਿਆ ’ਤੇ ਨਹਾ ਰਹੇ ਚਾਚੇ ਭਤੀਜੇ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਸੀ। ਵਿਸਾਖੀ ਦਾ ਤਿਉਹਾਰ ਹੋਣ ਕਾਰਨ ਮਨਦੀਪ ਸਿੰਘ ਉਮਰ 25 ਸਾਲ,ਸਾਜਨ ਸਿੰਘ ਉਮਰ 19 ਸਾਲ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਦਰਿਆ ਕਿਨਾਰੇ ਨਹਾਉਣ ਗਏ ਸਨ ਜੋ ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਦੋਵੇਂ ਨੌਜਵਾਨ ਪਾਣੀ ਦੇ ਵਹਾਅ ਵਿੱਚ ਰੁੜ ਗਏ ਸੀ।
ਜਿਨ੍ਹਾਂ ਵਿੱਚੋਂ ਅੱਜ ਇੱਕ ਨੌਜਵਾਨ ਮਨਪ੍ਰੀਤ ਸਿੰਘ ਦੀ ਲਾਸ਼ ਨੂੰ ਬੀ. ਐਸ. ਐਫ ਦੇ ਜਵਾਨਾ ਵੱਲੋਂ ਸਤਲੁਜ ਦਰਿਆ ਵਿੱਚੋਂ ਕੱਢ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨਪ੍ਰੀਤ ਸਿੰਘ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹਨ ਅਤੇ ਮਨਪ੍ਰੀਤ ਸਿੰਘ ਹੀ ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ।
ਉਨ੍ਹਾਂ ਕਿਹਾ ਕਿ ਮਨਪ੍ਰੀਤ ਦੇ ਤੁਰ ਜਾਣ ਨਾਲ ਉਨ੍ਹਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਮਨਪ੍ਰੀਤ ਆਪਣੇ ਪਿੱਛੇ ਦੋ ਬੇਟੀਆਂ ਅਤੇ ਆਪਣੀ ਪਤਨੀ ਸਣੇ ਮਾਂ ਅਤੇ ਇੱਕ ਭਰਾ ਨੂੰ ਛੱਡ ਗਿਆ। ਉਧਰ ਇਸ ਸਬੰਧੀ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਥਾਣਾ ਸਦਰ ਵੱਲੋਂ ਨਾ ਹੀ ਲਾਸ਼ਾਂ ਨੂੰ ਦਰਿਆ ਵਿੱਚੋਂ ਲੱਭਣ ਦੀ ਕੋਈ ਹੈਲਪ ਕੀਤੀ ਜਾ ਰਹੀ ਹੈ ਅਤੇ ਨਾ ਹੀ ਹੁਣ ਤੱਕ ਪੀੜਤ ਪਰਿਵਾਰ ਦੀ ਸਾਰ ਲਈ ਗਈ ਹੈ।
ਉਨ੍ਹਾਂ ਕਿਹਾ ਕਿ ਬੀਐਸਐਫ ਦੇ ਜਵਾਨ ਹੀ ਕੱਲ੍ਹ ਦੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਣ ਵਿੱਚ ਰਾਤ ਦਿਨ ਇਕ ਕੀਤਾ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸਤਲੁਜ ਦਰਿਆ ਵਿੱਚ ਡੁੱਬਣ ਵਾਲੇ ਦੋਨਾਂ ਨੌਜਵਾਨਾਂ ਦੇ ਘਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਹਨ ਅਤੇ ਪਿੱਛੋਂ ਕਮਾਉਣ ਵਾਲਾ ਵੀ ਕੋਈ ਨਹੀਂ ਰਿਹਾ। ਜਿਸ ਕਰ ਕੇ ਪੰਜਾਬ ਸਰਕਾਰ ਨੂੰ ਇਨ੍ਹਾਂ ਦੋਨਾਂ ਪਰਿਵਾਰਾਂ ਦੀ ਕੋਈ ਨਾ ਕੋਈ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਸਤਲੁਜ ਦਰਿਆ ’ਚ ਨਹਾਉਣ ਗਏ ਨੌਜਵਾਨ ਰੁੜ੍ਹੇ, ਪੁਲਿਸ ਤੇ BSF ਵੱਲੋਂ ਭਾਲ ਜਾਰੀ