ਤਰਨਤਾਰਨ: ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਨਾਲ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਨੀਵੇ ਖੇਤਰ ਦੇ ਖੇਤਾਂ ਵਿੱਚ ਖੜੀਆਂ ਫਸਲਾਂ ਪਾਣੀ ਵਿੱਚ ਡੁੱਬਣ ਕਾਕਨ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਤਰਨਤਾਰਨ ਜ਼ਿਲ੍ਹੇ ਵਿੱਚੋਂ ਬਿਆਸ ਅਤੇ ਸਤਲੁਜ ਦਰਿਆ ਲੰਘਦਾ ਹੈ । ਦਰਿਆ ਨਾਲ ਲਗਦੇ ਪਿੰਡਾਂ ਦੀਆਂ ਜ਼ਮੀਨਾਂ ਪੂਰੀ ਤਰ੍ਹਾਂ ਪਾਣੀ ਕਾਰਣ ਨਸ਼ਟ ਹੋ ਗਈਆਂ ਹਨ। ਮੰਡ ਇਲਾਕੇ ਵਿੱਚ ਪੈਂਦੇ ਪਿੰਡ ਕਰੰਮੂਵਾਲ,ਘੜਕਾ,ਚੰਬਾ ਅਤੇ ਧੁੰਨ ਸਮੇਤ ਦਰਜਣਾਂ ਪਿੰਡਾਂ ਦੀਆ ਜ਼ਮੀਨਾਂ ਅੰਦਰ ਲੱਗੀ ਝੋਨਾ,ਕਮਾਦ, ਮੱਕੀ ਅਤੇ ਮੂੰਗੀ ਤੋਂ ਇਲਾਵਾ ਪਸ਼ੂਆਂ ਵਾਸਤੇ ਬੀਜਿਆ ਗਿਆ ਹਰਾ ਚਾਰਾ ਵੀ ਬਰਬਾਦ ਹੋ ਗਿਆ ਹੈ।
ਸੈਂਕੜੇ ਏਕੜ ਫਸਲ ਦੀ ਬਰਬਾਦੀ: ਪਾਣੀ ਦੀ ਮਾਰ ਝੱਲਣ ਵਾਲੇ ਪੀੜਤ ਕਿਸਾਨਾ ਨੇ ਦੱਸਿਆ ਕਿ ਹਰ ਸਾਲ ਹੀ ਬਿਆਸ ਦਰਿਆ ਨਾਲ ਲੱਗਦਾ ਇਲਾਕਾ ਨੀਵਾਂ ਹੋਣ ਕਾਰਣ ਡੁੱਬ ਜਾਂਦਾ ਹੈ ਅਤੇ ਸੈਂਕੜੇ ਏਕੜ ਫਸਲ ਦੀ ਬਰਬਾਦੀ ਹੁੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਪਹਿਲਾਂ ਮਹਿੰਗਾਈ ਅਤੇ ਕਰਜ਼ੇ ਦੀ ਮਾਰ ਪਈ ਹੈ ਅਤੇ ਜੇਕਰ ਅਜਿਹੇ ਵਿੱਚ ਹਰ ਸਾਲ ਫਸਲਾਂ ਦਾ ਇਸੇ ਤਰ੍ਹਾਂ ਨੁਕਸਾਨ ਹੁੰਦਾ ਰਹੇਗਾ ਤਾਂ ਉਨ੍ਹਾਂ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਦਾ। ਕਿਸਾਨਾਂ ਨੇ ਦੋਹਰਾਉਂਦਿਆ ਕਿਹਾ ਕਿ ਪਾਣੀ ਖੇਤਾਂ ਵਿੱਚ ਵੜ ਜਾਣ ਕਾਰਣ ਉਨ੍ਹਾਂ ਦੀਆਂ ਫਸਲਾਂ ਤਾਂ ਬਰਬਾਦ ਹੋਈਆਂ ਹੀ ਨੇ ਪਰ ਘਰ ਵਿੱਚ ਉਨ੍ਹਾਂ ਦੇ ਆਸਰੇ ਬੈਟੇ ਪਸ਼ੂ ਵੀ ਹਰਾ ਚਾਰਾ ਤਬਾਹ ਹੋਣ ਕਾਰਣ ਭੁੱਖੇ ਮਰ ਰਹੇ ਨੇ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਇਸ ਸਮੱਸਿਆ ਦੇ ਢੁੱਕਵੇਂ ਹੱਲ ਤੋਂ ਇਲਾਵਾ ਪ੍ਰਤੀ ਏਕੜ ਨੁਕਸਾਨ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ।
- Bengal Panchayat Election 2023: ਵੋਟਿੰਗ ਜਾਰੀ, ਪੋਲਿੰਗ ਬੂਥ 'ਤੇ ਲੱਗੀਆਂ ਕਤਾਰਾਂ
- ਲੁਧਿਆਣਾ ਦੇ ਨਿੱਜੀ ਹੋਟਲ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ, ਨਸ਼ੇ ਨਾਲ ਮੌਤ ਦਾ ਖ਼ਦਸ਼ਾ
- ਮਨਰੇਗਾ ਮਜ਼ਦੂਰਾਂ ਨੇ ਨਹਿਰੀ ਵਿਭਾਗ ਅੱਗੇ ਧਰਨਾ ਦੇ ਕੇ ਕੀਤਾ ਰੋਸ ਪ੍ਰਦਰਸ਼ਨ
ਨੁਕਸਾਨ ਦਾ ਲਿਆ ਜਾਵੇਗਾ ਜਾਇਜ਼ਾ: ਮਾਮਲੇ ਸਬੰਧੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਬਲਜੀਤ ਕੌਰ ਨੇ ਦੱਸਿਆ ਕਿ ਗੁਆਂਢੀ ਸੂਬਿਆਂ ਵਿੱਚ ਬਰਸਾਤ ਹੋਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ ਅਤੇ ਪਾਣੀ ਨੇ ਦਰਿਆ ਵਿੱਚੋਂ ਨਿਕਲ ਕੇ ਨੀਵੇਂ ਇਲਾਕਿਆਂ ਦੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲਗਭਗ ਹਰ ਸਾਲ ਹੀ ਕਿਸਾਨਾਂ ਨੂੰ ਇਸ ਬਰਬਾਦੀ ਨਾਲ ਜੱਦੋ-ਜਹਿਦ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੀ ਹੈ, ਜਲਦ ਹੀ ਨਾਇਬ ਤਹਿਸੀਲਦਾਰ ਦੀ ਡਿਊਟੀ ਮੰਡ ਇਲਾਕੇ ਵਿੱਚ ਲਗਾ ਦਿੱਤੀ ਜਾਵੇਗੀ। ਨਾਇਬ ਤਹਿਸੀਲਦਾਰ ਗਿਰਦਾਵਰੀ ਕਰਕੇ ਕਿਸਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ ਅਤੇ ਇਸ ਤੋਂ ਬਾਅਦ ਸਾਰੀ ਗੱਲ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਇਸ ਸਮੱਸਿਆ ਦਾ ਪੱਕਾ ਹੱਲ ਲੱਭਿਆ ਜਾਵੇਗਾ।