ਤਰਨਤਾਰਨ: ਪੰਜਾਬ ਦੇ ਨਾਲ ਨਾਲ ਪੂਰੇ ਭਾਰਤ ਵਿੱਚ ਜਿੱਥੇ ਗਾਵਾਂ ਧਾਰਮਿਕ ਮੁੱਦਾ ਹਨ ਉੱਥੇ ਹੀ ਬਹੁਤ ਸਾਰੀਆਂ ਪਾਰਟੀਆਂ ਇਸ ਨੂੰ ਲੈਕੇ ਸਿਆਸੀ ਰੋਟੀਆਂ ਵੀ ਸੇਕਦੀਆਂ ਹਨ, ਪਰ ਪੱਟੀ ਦੇ ਪਿੰਡ ਦੁੱਬਲੀ ਵਿੱਚ ਗਊਸ਼ਾਲਾ ਅੰਦਰ ਗਾਵਾਂ ਦੀ ਹਾਲਤ ਤਰਸਯੋਗ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਗਾਵਾਂ ਭੁੱਖ ਅਤੇ ਪਿਆਸ ਨਾਲ ਲਗਾਤਾਰ ਮਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਗਾਵਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਜਿਸ ਕਰਕੇ ਗਾਵਾਂ ਦੇ ਅੱਜ ਇਹ ਹਾਲਾਤ ਹਨ।
ਗਾਵਾਂ ਡੀਸੀ ਦਫ਼ਤਰ ਛੱਡਣ ਦੀ ਤਿਆਰੀ: ਇਸ ਸੰਬੰਧੀ ਅੱਜ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਵਲੋਂ ਆਪਣੇ ਸਾਥੀਆਂ ਸਮੇਤ ਗਊਸ਼ਾਲਾ ਵਿਚ ਪੁੱਜ ਕੇ ਦੱਸਿਆ ਗਿਆ ਕਿ ਸਰਕਾਰ ਗਊ ਸੈੱਸ ਲੈ ਰਹੀ ਹੈ ਪਰ ਤਰਨਤਾਰਨ ਜ਼ਿਲ੍ਹੇ ਦਾ ਗਊ ਸੈੱਸ ਕਿੱਥੇ ਜਾ ਰਿਹਾ ਹੈ, ਕਿਸੇ ਨੇ ਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਗਊਆਂ ਲਗਾਤਾਰ ਮਰ ਰਹੀਆਂ ਹਨ ਪ੍ਰਸ਼ਾਸਨ ਬੇਖ਼ਬਰ ਹੈ, ਉਨ੍ਹਾਂ ਕਿਹਾ ਕਿ ਚਾਰਾ ਅਤੇ ਦਵਾਈਆਂ ਨਾ ਹੋਣ ਕਰਕੇ ਰੋਜ਼ਾਨਾ ਬੇਜੁਬਾਨ ਗਊਆਂ ਮਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇੱਕ ਹਫਤੇ ਤੱਕ ਪ੍ਰਸ਼ਾਸਨ ਨੇ ਇਸ ਗਊਸ਼ਾਲਾ ਲਈ ਚਾਰੇ ਅਤੇ ਦਵਾਈਆਂ ਦਾ ਪ੍ਰਬੰਧ ਨਾ ਕੀਤਾ ਤਾਂ ਉਹ ਸਾਰੀਆਂ ਗਾਵਾਂ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਛੱਡ ਦੇਣਗੇ, ਜਿਸਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੈਸੇ ਜਾਰੀ ਕਰਨ ਦੀ ਗੱਲ ਕਰ ਜਾਂਦਾ ਹੈ ਪਰ ਪੈਸੇ ਜਾਰੀ ਨਹੀਂ ਕੀਤੇ ਜਾਂਦੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਮਰੀਆਂ ਗਾਵਾਂ ਨੂੰ ਗਊਸ਼ਾਲਾ ਦੇ ਅੰਦਰ ਹੀ ਦਫਨਾਇਆ ਜਾ ਰਿਹਾ ਹੈ, ਜਿਸ ਕਰਕੇ ਇਲਾਕੇ ਅੰਦਰ ਮਹਾਂਮਾਰੀ ਫੈਲਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ: Police Action Against Drugs: ਪੰਜਾਬ ਵਿੱਚ ਫਿਰ ਚੱਲਿਆ ਨਸ਼ੇ ਦੇ ਖਿਲਾਫ ਪੁਲਿਸ ਦਾ ਵੱਡਾ ਆਪਰੇਸ਼ਨ
ਮੰਤਰੀ ਨੇ ਦਿੱਤਾ ਭਰੋਸਾ: ਇਸ ਮੌਕੇ ਗਊਸ਼ਾਲਾ ਦਾ ਜਾਇਜ਼ਾ ਲੈਣ ਪੁੱਜੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਗਊਸ਼ਾਲਾ ਦੇ ਹਾਲਾਤ ਵੇਖ ਕੇ ਉਨ੍ਹਾਂ ਨੂੰ ਬੇਜੁਬਾਨ ਪਸ਼ੂਆਂ ਉੱਤੇ ਤਰਸ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗਊਸ਼ਾਲਾ ਲਈ ਉਹ ਜਲਦੀ ਕਾਰਗਰ ਕਦਮ ਚੁੱਕਣਗੇ ਅਤੇ ਚਾਰੇ ਸਮੇਤ ਦਵਾਈਆਂ ਅਤੇ ਸਟਾਫ ਲਈ ਤਨਖਾਹਾਂ ਦਾ ਪ੍ਰਬੰਧ ਕੀਤਾ ਜਾਵੇਗਾ । ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦਾ ਧੰਨਵਾਦੀ ਨੇ ਜਿਨ੍ਹਾਂ ਨੇ ਆਪਣੇ ਪੱਧਰ ਉੱਤੇ ਗਾਵਾਂ ਲਈ ਚਾਰੇ ਪਾਣੀ ਦਾ ਪ੍ਰਬੰਧ ਕੀਤਾ।