ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਲਕੇ ਵਿੱਚ ਪੈਦੇ ਪਿੰਡ ਦੁੱਬਲੀ ਵਿਖੇ ਬਣ ਰਹੀ ਗਊਸ਼ਾਲਾ ਵਿੱਚ ਗਾਵਾਂ ਭੁੱਖ ਮਰੀ ਦਾ ਸ਼ਿਕਾਰ ਹੋ ਕੇ ਵੱਡੇ ਪੱਧਰ ਉੱਤੇ ਮਰ ਰਹੀਆਂ ਹਨ। ਇਸ ਗਊਸ਼ਾਲਾ ਵੱਲ ਨਾ ਤਾਂ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧਿਆਨ ਹੈ ਅਤੇ ਨਾਂ ਹੀ ਜ਼ਿਲਾ ਪ੍ਰਸ਼ਾਸਨ ਦਾ ਇਸ ਕਰਕੇ ਆਏ ਦਿਨ ਹੀ ਗਊਸ਼ਾਲਾ ਵਿੱਚ ਚਾਰਾ ਨਾ ਹੋਣ ਕਾਰਨ ਗਾਵਾਂ ਭੁੱਖ ਅਤੇ ਪਿਆਸ ਨਾਲ ਮਰ ਰਹੀਆਂ ਹਨ।
ਭੁੱਖ ਨਾਲ ਮਰ ਰਹੀਆਂ ਗਾਵਾਂ: ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹਲਕਾ ਪੱਟੀ ਦੇ ਵਿਧਾਇਕ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਇਸ ਗਊਸ਼ਾਲਾ ਵਿੱਚ ਚਾਰਾ ਭੇਜਿਆ ਸੀ, ਪਰ ਉਸ ਤੋਂ ਬਾਅਦ ਇਕ ਵਾਰ ਵੀ ਸਰਕਾਰ ਦਾ ਕੋਈ ਵੀ ਕਰਿੰਦਾ ਇਸ ਗਊਸ਼ਾਲਾ ਵਿੱਚ ਨਹੀਂ ਆਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਘਰਾਂ ਵਿੱਚੋਂ ਆਪਣੇ ਪਸ਼ੂਆਂ ਨੂੰ ਪਾਉਣ ਵਾਲੇ ਚਾਰੇ ਵਿਚੋਂ ਕੁਝ ਹਿੱਸਾ ਕੱਢਕੇ ਇਸ ਗਊਸ਼ਾਲਾ ਵਿੱਚ ਪਹੁੰਚਾਇਆ ਜਾਂਦਾ ਰਿਹਾ ਹੈ।
ਇਹ ਵੀ ਪੜ੍ਹੋ: Murder due to land dispute : ਜ਼ਮੀਨੀ ਵਿਵਾਦ ਦੇ ਚੱਲਦਿਆਂ ਖੇਤ ਗਏ ਸ਼ਖ਼ਸ ਦਾ ਕਤਲ, ਮੌਕੇ ਤੋਂ ਫਰਾਰ ਹੋਏ ਕਾਤਲ
ਕਰਿੰਦੇ ਨੂੰ ਵੀ ਨਹੀਂ ਤਨਖਾਹ: ਉਨ੍ਹਾਂ ਕਿਹਾ ਕਿ ਪਰ ਹੁਣ ਨਾ ਤਾ ਸਰਕਾਰ ਨੇ ਕੋਈ ਚਾਰਾ ਇਹਨਾਂ ਵਾਸਤੇ ਭੇਜਿਆ ਹੈ ਅਤੇ ਨਾ ਹੁਣ ਲੋਕਾਂ ਵੱਲੋਂ ਇਸ ਗਊਸ਼ਾਲਾ ਵਿਚ ਕੋਈ ਚਾਰਾ ਭੇਜਿਆ ਜਾ ਰਿਹਾ ਹੈ, ਕਿਉਂਕਿ ਹੁਣ ਲੋਕਾ ਦੇ ਘਰਾਂ ਵਿੱਚ ਆਪਣੇ ਪਸ਼ੂਆਂ ਨੂੰ ਪਾਉਣ ਵਾਸਤੇ ਕੋਈ ਚਾਰਾ ਨਹੀਂ ਬਚਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਗਊਸ਼ਾਲਾ ਵਿੱਚ ਜੋ ਵਿਅਕਤੀ ਡਿਊਟੀ ਸੇਵਾ ਕਰਦਾ ਹੈ ਉਸ ਨੂੰ ਵੀ ਸਰਕਾਰ ਵੱਲੋਂ ਸੱਤ ਮਹੀਨੇ ਤੋਂ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਜਿਸ ਕਰਕੇ ਡਿਊਟੀ ਕਰਨ ਵਾਲਾ ਵਿਅਕਤੀ ਇਹਨਾਂ ਗਊਆਂ ਨੂੰ ਭੁੱਖਾ ਮਰਦਾ ਛੱਡ ਕੇ ਜਾਣ ਲਈ ਤਿਆਰ ਹੋਇਆ ਬੈਠਾ ਸੀ, ਪਰ ਪਿੰਡ ਵਾਸੀਆਂ ਨੇ ਉਸ ਨੂੰ ਤਰਲਾ ਮਿਹਨਤ ਕਰਕੇ ਇਸ ਗਊਸ਼ਾਲਾ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਨੇ ਕਹਿਣਾ ਹੈ ਕਿ ਭਾਵੇਂ ਕਿ ਪਸ਼ੂ-ਪਾਲਣ ਮੰਤਰੀ ਦੇ ਹਲਕੇ ਵਿੱਚ ਇਹ ਗਊਸ਼ਾਲਾ ਬਣੀ ਹੋਈ ਹੈ, ਪਰ ਇਸ ਗਊਸ਼ਾਲਾ ਦਾ ਹਾਲ ਵੇਖ ਕੇ ਮਾਮਲਾ ਸਰਕਾਰ ਦੇ ਬਣੇ ਹੋਏ ਹਾਲਾਤਾਂ ਬਾਰੇ ਪਤਾ ਚੱਲ ਜਾਂਦਾ ਹੈ ।