ਤਰਨ ਤਾਰਨ: ਪਿੰਡ ਢੋਟੀਆਂ ਵਿਖੇ ਬੀਤੀ ਦੇਰ ਰਾਤ ਨੂੰ ਪਿੰਡ ਦੇ ਸਰਕਾਰੀ ਡਾਕਟਰ ਵੱਲੋਂ ਅਵਾਰਾ ਗਾਂ ਨੂੰ ਪਹਿਲਾ ਟਰੈਕਟਰ ਨਾਲ ਬੰਨ ਕੇ ਦੋ ਕਿਲੋਮੀਟਰ ਤੱਕ ਘਸੀਟਿਆ ਗਿਆ ਅਤੇ ਬਾਅਦ ਵਿੱਚ ਗਾਂ ਦੇ ਮੱਥੇ ਵਿੱਚ ਦੋ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸਮਸ਼ੇਰ ਸਿੰਘ ਵਾਸੀ ਢੋਟੀਆਂ ਨੇ ਦੱਸਿਆ ਕਿ ਮਿਤੀ 9 ਜੁਲਾਈ ਨੂੰ ਰਾਤ ਸਾਢੇ 10 ਵਜੇ ਦੇ ਕਰੀਬ ਉਹ ਪਿੰਡ ਵਿੱਚ ਆਪਣੀ ਜ਼ਮੀਨ 'ਤੇ ਝੋਨਾ ਲਗਾਉਣ ਲਈ ਆਪਣੇ ਨੌਕਰ ਸੁਖਦੇਵ ਸਿੰਘ ਨਾਲ ਪੈਲੀ ਕੱਦੂ ਕਰ ਰਿਹਾ ਸੀ। ਇਸੇ ਦੌਰਾਨ ਇੱਕ ਟਰੈਕਟਰ ਉਨ੍ਹਾਂ ਦੀ ਪੈਲੀ ਦੇ ਕੋਲ ਰੁਕ ਗਿਆ ਅਤੇ ਦੋ ਗੋਲੀਆਂ ਚੱਲਣ ਦੀ ਆਵਾਜ਼ ਆਈ। ਜਿਸ ਤੋਂ ਬਾਅਦ ਜਦ ਉਹ ਟਰੈਕਟਰ ਵੱਲ ਆਏ ਤਾਂ ਟਾਰਚ ਨਾਲ ਦੇਖਿਆ ਕਿ ਸੋਨਾਲੀਕਾ ਟਰੈਕਟਰ, ਜਿਸ ਦੇ ਪਿੱਛੇ ਲਿਫਟ ਵਾਲਾ ਸੁਹਾਗਾ ਸੀ ਅਤੇ ਉਸ ਦੇ ਮਗਰ ਕਾਲੇ ਰੰਗ ਦੀ ਇੱਕ ਗਾਂ ਲਹੂ-ਲੁਹਾਣ ਹੋਈ ਪਈ ਸੀ, ਜਿਸ ਨੂੰ ਟਰੈਕਟਰ ਚਾਲਕ ਸੰਗਲ ਪਾ ਕੇ ਧੂਹ ਕੇ ਲਿਆਇਆ ਸੀ।
ਉਨ੍ਹਾਂ ਦੱਸਿਆ ਕਿ ਜੰਗਬੀਰ ਸਿੰਘ ਪੁੱਤਰ ਅਮਰ ਸਿੰਘ ਦੇ ਹੱਥ ਵਿੱਚ ਪਿਸਤੌਲ ਸੀ ਅਤੇ ਉਸ ਦੇ ਨਾਲ ਵਾਲੇ ਵਿਅਕਤੀ ਦੇ ਹੱਥ ਵਿੱਚ ਡਾਂਗ ਸੀ। ਉਕਤ ਵਿਅਕਤੀ ਟਰੈਕਟਰ ਨਾਲੋਂ ਸੰਗਲ ਨਾਲ ਬੱਝੀ ਗਾਂ ਖੋਲ੍ਹ ਕੇ ਟਰੈਕਟਰ ਭਜਾ ਕੇ ਲੈ ਗਿਆ। ਜਦ ਉਨ੍ਹਾਂ ਨੇ ਉਕਤ ਵਿਅਕਤੀ ਦਾ ਪਿੱਛਾ ਕਰਕੇ ਉਸ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਕਤ ਵਿਅਕਤੀ ਨੇ ਉਨ੍ਹਾਂ 'ਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਉਪਰ ਪਿਸਤੌਲ ਨਾਲ ਗੋਲੀਆਂ ਵੀ ਚੱਲਾਈਆ। ਇਸ ਦੌਰਾਨ ਉਨ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਸਮਸ਼ੇਰ ਸਿੰਘ ਅਨੁਸਾਰ ਗਾਂ ਦੇ ਸਿਰ ਵਿੱਚ ਦੋ ਗੋਲੀਆਂ ਲੱਗੀਆਂ ਹੋਈਆਂ ਸਨ ਅਤੇ ਉਸ ਦੇ ਸਰੀਰ 'ਤੇ ਹੋਰ ਵੀ ਸੱਟਾਂ ਸਨ।
ਪਿੰਡ ਵਾਸੀ ਪਵਨ ਕੁੰਦਰਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਕਿ ਬੇਜੁਬਾਨ ਗਾਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਜਦ ਗਊ ਸੈਸ ਲੈ ਰਹੀ ਹੈ ਤਾਂ ਉਹ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਵੀ ਕਰੇ ਤਾਂ ਇਸ ਤਰ੍ਹਾਂ ਪਸ਼ੂਆਂ ਨੂੰ ਆਪਣੀ ਜਾਨ ਨਾ ਗਵਾਉਣੀ ਪਵੇ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਕੋਲੋ ਗਾਂ ਦੀ ਹੱਤਿਆ ਕਰਨ ਵਾਲੇ ਉਕਤ ਦੋਸ਼ੀ ਖ਼ਿਲਾਫ਼ ਸ਼ਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜੋ:ਬਿਜਲੀ ਵਿਭਾਗ ਨੇ ਪੁਲਿਸ ਥਾਣੇ ਦੀ ਬਿਜਲੀ ਕੱਟ ਲਿਆ ਬਦਲਾ!
ਇਸ ਮੌਕੇ ਜਾਂਚ ਅਧਿਕਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਹ ਮੌਕੇ 'ਤੇ ਪੁੱਜੇ ਸਨ, ਸ਼ਮਸ਼ੇਰ ਸਿੰਘ ਦੇ ਬਿਆਨਾਂ 'ਤੇ ਉਕਤ ਜੰਗਬੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਗਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੋਸ਼ੀ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।