ਤਰਨਤਾਰਨ: ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੇ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਬੁੱਧਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਮਨਜੀਤ ਸਿੰਘ ਘਸੀਟਪੁਰਾ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ। ਪਾਰਟੀ ਨੇ ਉਨ੍ਹਾਂ ਨੂੰ ਜੋ ਸਨਮਾਨ ਦੇਣਾ ਚਾਹੀਦਾ ਸੀ, ਉਹ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਸ਼ਿਆਂ ਨੂੰ ਸੂਬੇ ਵਿੱਚੋਂ ਖ਼ਤਮ ਕਰਨ ਦੇ ਮੁੱਦੇ ਕਾਰਨ ਸੱਤਾ ਵਿੱਚ ਆਈ ਸੀ ਪਰ ਇਸ ਸਰਕਾਰ ਵਿੱਚ ਨਸ਼ੇ ਹੋਰ ਵਧੇ ਹਨ।
ਉਨ੍ਹਾਂ ਕਿਹਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਤਰਨਤਾਰਨ ਜ਼ਿਲ੍ਹੇ ਵਿਚ ਸ਼ਰਾਬ ਕਰਨ 100 ਤੋਂ ਵੱਧ ਮੌਤਾਂ ਹੋਈਆਂ ਪਰ ਇਸ ਲਈ ਜਿੰਮੇਵਾਰ ਕੌਣ ਹੈ? ਉਨ੍ਹਾਂ ਕਿਹਾ ਕਿ ਇਹ ਮੌਤਾਂ ਸਿਆਸੀ ਦਬਾਅ ਹੇਠ ਚੱਲਦੇ ਨਸ਼ੇ ਦੇ ਕਾਰੋਬਾਰ ਕਰਕੇ ਹੋਈਆਂ ਜਾਂ ਪੁਲਿਸ ਪ੍ਰਸ਼ਾਸਨ ਇਹ ਸਭ ਕੁੱਝ ਕਰਵਾ ਰਿਹਾ ਸੀ, ਇਸਦਾ ਜਵਾਬ ਉਨ੍ਹਾਂ ਲੋਕਾਂ ਦੀ ਕਚਿਹਰੀ ਵਿੱਚ ਦੇਣਾ ਪੈਂਦਾ ਹੈ, ਕਿਉਂਕਿ ਉਹ ਵੀ ਇਸ ਪਾਰਟੀ ਦਾ ਹਿੱਸਾ ਹਨ।
ਉਨ੍ਹਾਂ ਕਿਹਾ ਕਿ ਉਹ ਕਈ ਵਾਰ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੇ ਧਿਆਨ ਵਿੱਚ ਇਹ ਮੁੱਦਾ ਲਿਆਉਂਦੇ ਰਹੇ ਪਰ ਕੋਈ ਅਸਰ ਨਹੀਂ ਹੋਇਆ। ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਗੱਲ ਕਰਨ ਲਈ ਸਮਾਂ ਮੰਗਿਆ ਪਰ ਅਫਸੋਸ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਾਈਮ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਅਤੇ ਨਾ ਹੀ ਸੂਬੇ ਵਿੱਚ ਕੋਈ ਵਿਕਾਸ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਸਨ, ਇਸ ਲਈ ਉਨ੍ਹਾਂ ਮਨ ਬਣਾਇਆ ਕਿ ਉਹ ਪਾਰਟੀ ਨੂੰ ਅਲਵਿਦਾ ਕਹਿ ਕਿ ਘਰ ਬੈਠ ਜਾਣਗੇ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਜਾਂ ਪਰਿਵਾਰ ਲਈ ਐਨਾ ਲੰਮਾ ਕੰਮ ਕੀਤਾ ਹੋਵੇ, ਉਸਨੂੰ ਛੱਡਣਾ ਔਖਾ ਹੁੰਦਾ ਹੈ ਪਰ ਹੁਣ ਮਜਬੂਰੀ ਹੈ।