ਅੰਮ੍ਰਿਤਸਰ: ਸੂਬੇ ਵਿੱਚ ਅਪਰਾਧ ਵੱਧ ਰਿਹਾ ਹੈ, ਲੋਕਾਂ ਦੇ ਘਰਾਂ 'ਚ ਬਦਮਾਸ਼ ਦਿਨ ਦਿਹਾੜੇ ਗੋਲੀਆਂ ਚਲਾ ਰਹੇ ਹਨ ਪਰ ਪੁਲਿਸ ਕਾਰਵਾਈ ਕਰਨ ਵਿੱਚ ਢਿੱਲ ਵਰਤ ਰਹੀ ਹੈ। ਅਜਿਹੇ ਹੀ ਇਲਜ਼ਾਮ ਲਗਾਉਂਦੇ ਹੋਏ ਜੰਡਿਆਲਾ ਗੁਰੂ ਦੇ ਪਿੰਡ ਟਾਂਗਰਾ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ। ਦਰਅਸਲ ਬੀਤੇ ਜਨਵਰੀ ਮਹੀਨੇ 'ਚ ਜੰਡਿਆਲਾ ਗੁਰੂ ਵਿਖੇ ਅਣਪਛਾਤੇ ਵੱਲੋਂ ਇੱਕ ਘਰ ਉੱਤੇ ਫਾਇਰਿੰਗ ਕੀਤੀ ਗਈ।
ਜਿਸ ਸਬੰਧੀ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਹੁਣ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਘਰ ਵਿੱਚ ਹਮਲਾ ਹੋਏ ਨੂੰ ਦੋ ਹਫਤੇ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਉਲਟਾ ਉਨ੍ਹਾਂ ਨੂੰ ਹੀ ਤੰਗ ਪਰੇਸ਼ਾਨ ਕਰਦੇ ਹੋਏ ਫਟਕਾਰ ਲਗਾ ਦਿੰਦੀ ਹੈ। ਪਰਿਵਾਰ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਅੱਜ ਪੂਰਾ ਪਰਿਵਾਰ ਸਹਿਮ ਵਿੱਚ ਰਹਿਣ ਨੂੰ ਮਜਬੂਰ ਹੈ ਅਤੇ ਪਰੇਸ਼ਾਨ ਕੇ ਪਰਿਵਾਰ ਨੂੰ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ ਤਾਂ ਜੋ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਆਵੇ।
ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਰਣਜੀਤ ਕੌਰ ਅਤੇ ਉਸ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ, ' 23 ਜਨਵਰੀ ਦੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ। ਉਕਤ ਘਟਨਾ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਚੌਂਕੀ ਟਾਂਗਰਾ ਅਤੇ ਥਾਣਾ ਤਰਸਿੱਕਾ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ਉੱਤੇ ਪੁੱਜ ਕੇ ਤਿੰਨ ਗੋਲੀਆਂ ਦੇ ਖੋਲ ਬਰਾਮਦ ਕੀਤੇ ਅਤੇ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਕਈ ਵਾਰ ਪੁਲਿਸ ਤੋਂ ਮਾਮਲੇ 'ਚ ਕਾਰਵਾਈ ਸਬੰਧੀ ਜਾਣਕਾਰੀ ਮੰਗੀ ਤਾਂ ਉਲਟਾ ਪੁਲਿਸ ਨੇ ਉਨ੍ਹਾਂ ਨੂੰ ਹੀ ਫਟਕਾਰ ਲਗਾ ਕੇ ਭੇਜ ਦਿੱਤਾ।'
ਪਰਿਵਾਰ ਦਾ ਕਹਿਣਾ ਹੈ ਕਿ 23 ਜਨਵਰੀ ਦੀ ਰਾਤ ਤੋਂ ਲੈਕੇ ਹੁਣ ਤੱਕ ਪੁਲਿਸ ਸੁਣਵਾਈ ਨਹੀਂ ਕਰ ਰਹੀ, ਉਨ੍ਹਾਂ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਮੱਤ-ਭੇਦ ਵੀ ਨਹੀਂ ਸਨ ਇਸ ਕਾਰਨ ਉਨ੍ਹਾਂ ਨੇ ਕਦੇ ਘਰ ਵਿੱਚ ਸੀਸੀਟੀਵੀ ਕੈਮਰੇ ਨਹੀਂ ਲਗਵਾਏ। ਇੱਥੋਂ ਤੱਕ ਕਿ ਘਰ ਦਾ ਗੇਟ ਵੀ ਖੁੱਲ੍ਹਾ ਰਹਿੰਦਾ ਸੀ ਪਰ ਹੁਣ ਇਸ ਘਟਨਾ ਤੋਂ ਬਾਅਦ ਪਰਿਵਾਰ ਸਹਿਮ ਵਿੱਚ ਹੈ ਕਿ ਪਤਾ ਨਹੀਂ ਕਦੋਂ ਕਿਹੜੀ ਵਾਰਦਾਤ ਹੋ ਜਾਵੇ।
ਪੁਲਿਸ ਨੇ ਰੱਖਿਆ ਆਪਣਾ ਪੱਖ
ਉੱਧਰ ਪਰਿਵਾਰ ਦੇ ਇਲਜ਼ਾਮਾਂ ਤੋਂ ਬਾਅਦ ਜਦੋਂ ਇਸ ਸਬੰਧੀ ਪੁਲਿਸ ਥਾਣਾ ਤਰਸਿੱਕਾ ਦੇ ਐਸ ਐਚ ਓ ਬਲਵਿੰਦਰ ਸਿੰਘ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਘਟਨਾ ਤੋਂ ਬਾਅਦ ਪਰਿਵਾਰ ਨੂੰ ਥਾਣੇ ਬੁਲਾ ਕੇ ਜਾਂਚ ਪੜਤਾਲ ਕੀਤੀ ਗਈ ਹੈ ਅਤੇ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।