ਤਰਨਤਾਰਨ: ਚਾਈਨਾ ਡੋਰ ਉੱਤੇ ਸਖ਼ਤੀ ਅਤੇ ਕਾਬੂ ਕਰਨ ਦੇ ਪੰਜਾਬ ਸਰਕਾਰ ਦੇ ਤਮਾਮ ਦਾਅਵੇ ਖੋਖਲ੍ਹੇ ਨਜ਼ਰ ਆ ਰਹੇ ਹਨ ਅਤੇ ਹੁਣ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਫਤਿਆਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਹੋਰ ਵਿਅਕਤੀ ਦੇ ਮੂੰਹ ਉੱਤੇ ਚਾਈਨਾ ਡੋਰ ਫਿਰ ਗਈ ਹੈ। ਮੋਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਬਰਿੰਦਰ ਸਿੰਘ ਨਾਂਅ ਦਾ ਵਿਅਕਤੀ ਜੋ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤਸਰ ਤੋ ਵੱਖ ਵੱਖ ਕਸਬਿਆਂ ਵਿੱਚ ਦੁਕਾਨਾਂ ਉੱਤੇ ਮਾਲ ਸਪਲਾਈ ਕਰਨ ਜਾਂਦਾ ਸੀ।
ਡੋਰ ਨੇ ਕੀਤਾ ਗੰਭੀਰ ਜ਼ਖ਼ਮੀ: ਅੱਜ ਜਦੋਂ ਇਹ ਆਪਣਾ ਮਾਲ ਸਪਲਾਈ ਕਰਨ ਦੇ ਲਈ ਫਤਿਆਬਾਦ ਵਿਖੇ ਆ ਰਿਹਾ ਸੀ ਅਤੇ ਜਦੋਂ ਭਰੋਵਾਲ ਪਿੰਡ ਕੋਲ ਆਇਆ ਤਾਂ ਇਸ ਦੇ ਮੱਥੇ ਵਿੱਚ ਚਾਈਨਾ ਡੋਰ ਫਿਰ ਗਈ ਅਤੇ ਜਿਸ ਨਾਲ ਇਹ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਚਾਈਨਾ ਡੋਰ ਫਿਰਨ ਕਰਕੇ ਸ਼ਖ਼ਸ ਦੇ ਕਾਫ਼ੀ ਡੁੰਘੇ ਕੱਟ ਲੱਗ ਗਏ ਜਿਸ ਲਈ ਰਾਹਗੀਰਾਂ ਵੱਲੋਂ ਇਸ ਨੂੰ ਨੇੜਲੇ ਹਸਪਤਾਲ ਪਹੁੰਚਿਆ ਗਿਆ, ਪਰ ਕੱਟ ਜ਼ਿਆਦਾ ਹੋਣ ਕਾਰਨ ਇਸ ਨੂੰ ਅੰਮ੍ਰਿਤਸਰ ਰੇਫਰ ਕਰ ਦਿੱਤਾ ਗਿਆ।
ਬੀਤੇ ਦਿਨ ਵਾਪਰਿਆ ਹਾਦਸਾ: ਦੱਸ ਦਈਏ ਬੀਤੇ ਦਿਨ ਬਠਿੰਡਾ ਵਿੱਚ ਵੀ ਚਾਈਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਸੀ ਜਦੋਂ ਦੁੱਗਲ ਪੈਲੇਸ ਨੇੜੇ ਰਾਹਗੀਰ ਰਾਜ ਕੁਮਾਰ ਵਾਸੀ ਪੂਜਾ ਵਾਲਾ ਮੁਹੱਲਾ ਦੇ ਗਲ ਵਿੱਚ ਚਾਈਨਾ ਡੋਰ ਪੈ ਗਈ, ਜਿਸ ਕਾਰਨ ਰਾਹਗੀਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਮਾਜ ਸੇਵੀ ਸੰਸਥਾ ਵੱਲੋਂ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਲਿਆਂਦਾ ਗਿਆ।ਇਸ ਦੌਰਾਨ ਹੀ ਸਮਾਜ ਸੇਵੀ ਸੰਸਥਾ ਦੇ ਆਗੂ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੋਲ ਰੂਮ ਉੱਤੇ ਸੂਚਨਾ ਮਿਲੀ ਸੀ ਕਿ ਇੱਕ ਰਾਹਗੀਰ ਦੇ ਗਲੇ ਵਿੱਚ ਚਾਈਨਾ ਡੋਰ ਪੈਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਉਨ੍ਹਾਂ ਵੱਲੋਂ ਤੁਰੰਤ ਘਟਨਾ ਸਥਾਨ ਉੱਤੇ ਪਹੁੰਚ ਕੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Road accident Amritsar: ਅੰਮ੍ਰਿਤਸਰ ਦੇ BRTC ਰੋਡ ਉੱਤੇ ਭਿਆਨਕ ਸੜਕ ਹਾਦਸਾ, 1 ਮੌਤ
ਇਸ ਦੌਰਾਨ ਜ਼ਖਮੀ ਰਾਹਗੀਰ ਰਾਜ ਕੁਮਾਰ ਦੇ ਭਰਾ ਨੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ ਕਿ ਉਸ ਦੇ ਭਰਾ ਰਾਜ ਕੁਮਾਰ ਦੇ ਗਲ ਵਿੱਚ ਚਾਈਨਾ ਡੋਰ ਪੈਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਹ ਜਦੋਂ ਘਟਨਾ ਸਥਾਨ ਉੱਤੇ ਪਹੁੰਚਿਆ ਤਾਂ ਉਸਦੇ ਭਰਾ ਨੂੰ ਸਮਾਜ ਸੇਵੀ ਸੰਸਥਾ ਵੱਲੋਂ ਐਂਬੂਲੈਂਸ ਵਿਚ ਪਾਇਆ ਜਾ ਰਿਹਾ ਸੀ। ਰਾਜ ਕੁਮਾਰ ਦੇ ਭਰਾ ਨੇ ਕਿਹਾ ਕਿ ਜ਼ਖਮ ਬਹੁਤ ਡੂੰਘਾ ਹੈ।