ਤਰਨਤਾਰਨ: ਸੂਬੇ ਭਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ 125 ਤੋਂ ਵੱਧ ਮੌਤਾਂ ਹੋ ਗਈਆਂ ਹਨ ਅਤੇ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਮਾਫ਼ੀਆ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਫ਼ਿਰ ਵੀ ਤਰਨਤਾਰਨ ਵਿੱਚ ਸ਼ਰਾਬ ਮਾਫ਼ੀਆ ਧੜੱਲੇ ਨਾਲ ਸ਼ਰਾਬ ਵੇਚ ਰਿਹਾ ਹੈ। ਜਿਸ ਕਰ ਕੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ।
ਜ਼ਿਲ੍ਹੇ ਦੇ ਪਿੰਡ ਮਾਨੋਚਾਹਲ ਵਿਖੇ ਸ਼ਨੀਵਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਸੀਤਲ ਸਿੰਘ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ, ਜਿਸ ਦੀਆਂ ਚਾਰ ਧੀਆਂ ਹਨ। ਮੌਕੇ 'ਤੇ ਪੁੱਜੀ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ।
ਮ੍ਰਿਤਕ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੂੰ ਕਿਸੇ ਨੇ ਜ਼ਹਿਰੀਲੀ ਸ਼ਰਾਬ ਪਿਆਈ ਹੈ, ਜਿਸ ਕਾਰਨ ਹੀ ਸੀਤਲ ਸਿੰਘ ਦੀ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਤਨੀ ਅਤੇ ਪਿੰਡ ਦੇ ਸਾਬਕਾ ਮੈਂਬਰ ਪੰਚਾਇਤ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਬੀਤੀ ਰਾਤ ਉਹ ਕੰਮ ਤੋਂ ਵਾਪਸੀ ਉਪਰੰਤ ਬਾਹਰੋਂ ਸ਼ਰਾਬ ਪੀ ਕੇ ਆਇਆ ਅਤੇ ਘਰ ਆ ਕੇ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ ਅਚਾਨਕ ਉਸਦੀ ਮੌਤ ਹੋ ਗਈ।
ਇਸ ਮੌਕੇ ਮ੍ਰਿਤਕ ਦੀ ਪਤਨੀ ਅਤੇ ਪੰਚਾਇਤ ਮੈਂਬਰ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਦੀ ਚਾਰ ਛੋਟੀਆਂ ਲੜਕੀਆਂ ਹਨ ਅਤੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ।
ਸੂਚਨਾ ਮਿਲਣ 'ਤੇ ਪੁਲਿਸ ਚੌਕੀ ਮਾਨੋਚਾਹਲ ਦੇ ਇੰਚਾਰਜ ਅਮਰਜੀਤ ਸਿੰਘ ਮੌਕੇ 'ਤੇ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਉਪਰੰਤ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।