ਤਰਨਤਾਰਨ:ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੁਰਸਿੰਘ ਵਿਖੇ ਪਵਿੱਤਰ ਚਰਨ ਪਾਉਣ ਦੀ ਖੁਸ਼ੀ ਵਿੱਚ ਦਲ ਬਾਬਾ ਬਿਧੀ ਸੰਪ੍ਰਦਾਇ ਵੱਲੋਂ ਸਲਾਨਾ ਜੋੜ ਮੇਲਾ ਮਨਾਇਆ ਗਿਆ। ਦਲ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਵਲੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ।ਇਤਹਾਸਿਕ ਨਗਰ ਸੁਰਸਿੰਘ ਵਿਖੇ ਹਰ ਸਾਲ ਦੀ ਤਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿੰਡ ਸੁਰਸਿੰਘ ਵਿਖੇ ਚਰਨ ਪਾਉਣ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗੁਰੂ ਕੀਆਂ ਲਾਡਲੀਆਂ ਫੌਜਾਂ ਵਲੋਂ ਮਨਾਇਆ ਗਿਆ । ਸ਼੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਬਾਬਾ ਬਿਧੀ ਚੰਦ ਦੀਵਾਨ ਹਾਲ ਵਿਖੇ ਸੁੰਦਰ ਪਾਲਕੀ ਵਿੱਚ ਸ਼ੁਸ਼ੋਬਿਤ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ ਛਾਇਆ ਹੇਠ ਦੀਵਾਨ ਸਜਾਏ ਗਏ।
ਮੁੱਖ ਸਟੇਜ ਦੀ ਸੇਵਾ ਭਾਈ ਪਰਮਜੀਤ ਸਿੰਘ ਵੱਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ। ਇਸ ਮੌਕੇ ਸਿੱਖ ਕੌਮ ਦੀਆਂ ਮਹਾਨ ਪੰਥਕ ਸਖਸ਼ੀਅਤਾਂ ਅਤੇ ਦਲ ਸੰਪ੍ਰਦਾਇ ਮੁਖੀਆਂ ਅਤੇ ਉੱਚ ਕੋਟੀ ਦੇ ਢਾਡੀ ਕਵੀਸ਼ਰੀ ਅਤੇ ਰਾਗੀ ਜੱਥਿਆਂ ਵੱਲੋਂ ਹਾਜਰੀ ਭਰੀ ਗਈ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਉਨ੍ਹਾਂ ਗੁਰੂਆਂ ਦੇ ਇਤਹਾਸਿਕ ਦਿਹਾੜਿਆਂ ਤੇ ਕੁਝ ਸਿੱਖ ਕੇ ਜਾਣ ਲਈ ਸੰਗਤ ਨੂੰ ਪ੍ਰੇਰਿਆ ।
ਭਾਈ ਗੁਰਇਕਬਾਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਨੇ ਇਸ ਮੌਕੇ ਗੁਰਮਤਿ ਵਿਚਾਰਾਂ ਸਾਝੀਆਂ ਕੀਤੀਆਂ ਅਤੇ ਇਸ ਦਿਨ ਦੀ ਸਰਬੱਤ ਸੰਗਤ ਨੂੰ ਵਧਾਈ ਦਿੱਤੀ ਉਪਰੰਤ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ। ਉਨ੍ਹਾਂ ਕਿਹਾ ਕਿ ਸੁਰਸਿੰਘ ਦੀ ਧਰਤੀ ਬਹੁਤ ਭਾਗਾ ਵਾਲੀ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨ ਪਏ ਹਨ । ਜਦੋ ਗੁਰੂ ਹਰਗੋਬਿੰਦ ਸਾਹਿਬ ਮਾਝੇ ਦੀ ਯਾਤਰਾ ਕਰ ਰਹੇ ਸਨ ਉਸ ਵਕਤ ਸਤਿਗੁਰੂ ਆਪਣੀਆਂ ਫੌਜਾਂ ਸਮੇਤ ਇਸ ਪਵਿੱਤਰ ਨਗਰ ਵਿੱਚ ਆਏ ਅਤੇ ਉਨ੍ਹਾਂ ਏਥੇ ਰਹਿ ਕੇ ਸਿੱਖੀ ਦਾ ਪਰਚਾਰ ਕੀਤਾ ।ਇਸ ਸਮਾਗਮ ਚ ਵੱਡੀ ਗਿਣਤੀ ਚ ਸਿੱਖ ਸੰਗਤ ਵਲੋਂ ਗੁਰੂ ਘਰ ਚ ਸਮੂਲੀਅਤ ਕੀਤੀ ਗਈ ਤੇ ਦਰਬਾਰ ਸਾਹਿਬ ਚ ਨਤਮਸਤਕ ਹੋ ਗੁਰਬਾਣੀ ਦਾ ਰਸ ਮਾਣਿਆ ਗਿਆ।
ਇਹ ਵੀ ਪੜੋ:ਬਰਨਾਲਾ ਨੂੰ ਕੋਰੋਨਾ ਮੁਕਤ ਕਰਨ ਲਈ ਪੁਲਿਸ ਪ੍ਰਸ਼ਾਸਨ ਨੇ ਸ਼ੁਰੂ ਕੀਤੀ 'ਦਸਤਕ' ਮੁਹਿੰਮ