ਤਰਨ ਤਾਰਨ : 4 ਸਤੰਬਰ ਨੂੰ ਪਿੰਡ ਪੰਡੋਰੀ ਗੋਲਾ ਵਿਖੇ ਇੱਕ ਖਾਲੀ ਪਲਾਟ ਵਿੱਚ ਹੋਏ ਧਮਾਕੇ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ 7 ਮੁਲਜ਼ਮ ਗ੍ਰਿਫਤਾਰ ਕੀਤੇ ਸਨ। ਪੁਲਿਸ ਨੇ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੋਇੰਦਵਾਲ ਅਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 7 ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਹਾਸਲ ਕਰਕੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪੱਟੀ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਵਸਨੀਕ ਹਨ। ਮੁੱਢਲੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਜਨਤਕ ਥਾਂ ਉੱਤੇ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਪੱਖਾਂ ਉੱਤੇ ਜਾਂਚ ਜਾਰੀ ਕੀਤੀ ਜਾ ਰਹੀ ਹੈ। ਹਲਾਂਕਿ ਪੁਲਿਸ ਵੱਲੋਂ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੂੰ ਪੰਜ ਲੱਖ ਰੁਪਏ ਵਿਦੇਸ਼ੀ ਫੰਡਿੰਗ ਦੇ ਸਬੂਤ ਵੀ ਮਿਲੇ ਹਨ। ਤਰਨ ਤਾਰਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਮੱਸਾ ਸਿੰਘ ਤੇ ਮਨਦੀਪ ਸਿੰਘ ਵਾਸੀ ਦੀਨੇਵਾਲ, ਹਰਜੀਤ ਸਿੰਘ ਵਾਸੀ ਪੰਡੋਰੀ ਗੋਲਾ, ਅਮ੍ਰਿਤਪਾਲ ਸਿੰਘ ਵਾਸੀ ਬੱਚੜੇ, ਮਨਪ੍ਰੀਤ ਸਿੰਘ ਵਾਸੀ ਮੁਰਾਦਪੁਰਾ ਚੰਨਦੀਪ ਸਿੰਘ ਵਾਸੀ ਬਟਾਲਾ ਮਜੀਠਾ ਦੇ ਪਿੰਡ ਕੋਟ ਗੁਜਰ ਦੇ ਮਲਕੀਤ ਸਿੰਘ ਅਤੇ ਫ਼ਤਿਹਗੜ੍ਹ ਚੂੜੀਆਂ ਦੇ ਅਮਰਜੀਤ ਸਿੰਘ ਵਜੋਂ ਹੋਈ ਹੈ।
ਕੀ ਹੈ ਮਾਮਲਾ :
ਇਸ ਬੰਬ ਹਾਦਸੇ ਵਿੱਚ ਦੋ ਦੀ ਮੌਤ ਹੋ ਗਈ ਸੀ ਅਤੇ ਇੱਕ ਗੰਭੀਰ ਜ਼ਖਮੀ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿਚ ਦਾਖ਼ਲ ਜ਼ਖਮੀ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਪਿਛਲੇ ਦਿਨੀਂ ਇਸ ਹਾਦਸੇ ਦੀ ਐੱਨਆਈਏ ਦੀ ਟੀਮ ਦੇ ਫੌਰੈਂਸਿਕ ਮਾਹਿਰਾਂ ਨੇ ਵੀ ਜਾਂਚ ਕੀਤੀ ਸੀ। ਇਸ ਮਾਮਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੁੱਢਲੀਆਂ ਰਿਪੋਰਟਾਂ ਮੁਤਾਬਕ ਤਿੰਨ ਵਿਅਕਤੀ ਟੋਆ ਪੁੱਟ ਕੇ ਕੁਝ ਰਸਾਇਣਾਂ ਨੂੰ ਮਿਲਾ ਕੇ ਬੋਤਲ ਵਿੱਚ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਸੀ ਕਿ ਜਾਂਚ ਏਜੰਸੀਆਂ ਇਸ ਧਮਾਕੇ ਨਾਲ ਜੁੜੇ ਹਰੇਕ ਪਹਿਲੂ ਦੀ ਜਾਂਚ ਕਰ ਰਹੀਆਂ ਹਨ।